ਸੰਧੂ ਨੇ ਸਹਿਕਾਰੀ ਸਭਾਵਾਂ ਦੇ ਸੰਕਟ ਦਾ ਮੁੱਦਾ ਚੁੱਕਿਆ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਬਜਟ ਸੈਸ਼ਨ ਦੌਰਾਨ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਸੰਕਟ ਦਾ ਮੁੱਦਾ ਚੁੱਕਿਆ ਅਤੇ ਇਸ ਸੰਕਟ ਦੇ ਹੱਲ ਲਈ ਪੰਜਾਬ ਵਿੱਚ ‘ਤ੍ਰਿਭਵਨ ਸਹਿਕਾਰੀ ਯੂਨੀਵਰਸਿਟੀ’ ਦੇ ਰਿਜਨਲ ਸੈਂਟਰ ਦੀ ਸਥਾਪਨਾ ਕਰਨ ਦੀ ਮੰਗ...
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਬਜਟ ਸੈਸ਼ਨ ਦੌਰਾਨ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਸੰਕਟ ਦਾ ਮੁੱਦਾ ਚੁੱਕਿਆ ਅਤੇ ਇਸ ਸੰਕਟ ਦੇ ਹੱਲ ਲਈ ਪੰਜਾਬ ਵਿੱਚ ‘ਤ੍ਰਿਭਵਨ ਸਹਿਕਾਰੀ ਯੂਨੀਵਰਸਿਟੀ’ ਦੇ ਰਿਜਨਲ ਸੈਂਟਰ ਦੀ ਸਥਾਪਨਾ ਕਰਨ ਦੀ ਮੰਗ ਕੀਤੀ। ਸੰਸਦ ਮੈਂਬਰ ਸੰਧੂ ਨੇ ਕਿਹਾ ਕਿ ਸਹਿਕਾਰੀ ਖੇਤਰ ਸਿਰਫ਼ ਇੱਕ ਵਿੱਤੀ ਪ੍ਰਣਾਲੀ ਨਹੀਂ ਬਲਕਿ ਇਹ ਸਮੂਹਿਕ ਵਿਕਾਸ ਦਾ ਇੱਕ ਨਮੂਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਾਂਝੀ ਜ਼ਮੀਨ ਅਤੇ ਸਮੂਹਿਕ ਖ਼ੁਸ਼ਹਾਲੀ ਦਾ ਸਵਾ ਸੌ ਸਾਲ ਤੋਂ ਵੱਧ ਦਾ ਪੁਰਾਣਾ ਇਤਿਹਾਸ ਹੈ। ਹਰੀ ਕ੍ਰਾਂਤੀ ਹੋਵੇ ਅਤੇ ਚਾਹੇ ਚਿੱਟੀ ਕ੍ਰਾਂਤੀ, ਪੰਜਾਬ ਦੀਆਂ ਸਹਿਕਾਰੀ ਸਭਾਵਾਂ ਹਮੇਸ਼ਾ ਪੇਂਡੂ ਅਰਥਚਾਰੇ ਦਾ ਅਧਾਰ ਰਹੀਆਂ ਹਨ। ਅੱਜ ਵੀ ਹਜ਼ਾਰਾਂ ਸਹਿਕਾਰੀ ਸਭਾਵਾਂ ਨਾਲ ਕਰੀਬ 35 ਲੱਖ ਮੈਂਬਰ ਜੁੜੇ ਹੋਏ ਹਨ। ਸੰਧੂ ਨੇ ਮਾਰਕਫੈੱਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਹਿਕਾਰੀ ਅਦਾਰਾ 22 ਹਜ਼ਾਰ ਕਰੋੜ ਦੀ ਸਹਿਕਾਰੀ ਕੰਪਨੀ ਬਣ ਚੁੱਕਿਆ ਹੈ। ਸੰਸਦ ਮੈਂਬਰ ਨੇ ਕਿਹਾ ਕਿ 6300 ਪੇਂਡੂ ਸਹਿਕਾਰੀ ਸਭਾਵਾਂ ਅਤੇ 35 ਲੱਖ ਮੈਂਬਰਾਂ ਦੇ ਨਾਲ ਪੰਜਾਬ ਮਿਲਕਫੈੱਡ ਦਾ ਵੇਰਕਾ ਦੇਸ਼ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਨੇ ਕਿਸਾਨਾਂ ਨੂੰ ਆਤਮ ਨਿਰਭਰ ਬਣਾਇਆ ਹੈ ਅਤੇ ਨਿੱਜੀ ਕੰਪਨੀਆਂ ਤੋਂ ਨਿਰਭਰਤਾ ਘਟਾਈ ਹੈ। ਸੰਧੂ ਨੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੇ ਸਹਿਕਾਰੀ ਢਾਂਚੇ ਵੱਲ ਧਿਆਨ ਦਿਵਾਇਆ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਵਿੱਚ ਨਵੀਂ ਰੂਹ ਫੂਕਣ ਲਈ ਡਿਜੀਟਲਾਈਜ਼ੇਸ਼ਨ ਦੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਕੰਮ ਨੂੰ ਜਲਦ ਪੂਰਾ ਕਰਨ ਦੀ ਅਪੀਲ ਕੀਤੀ।

