ਦਵਿੰਦਰ ਪਾਲ
ਚੰਡੀਗੜ੍ਹ, 27 ਅਕਤੂਬਰ
ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ 29 ਅਕਤੂਬਰ ਨੂੰ ਸਮੁੱਚੇ ਸੂਬੇ ਵਿੱਚ ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਕਿਸਾਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਉਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਚੱਲ ਰਹੇ ਹਨ। ਇਕੱਠਾਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੜਿਆ ਜਾ ਰਿਹਾ ਅੰਦੋਲਨ ਪੂਰੀ ਦੁਨੀਆਂ ’ਚ ਖਿੱਚ ਦਾ ਕੇਂਦਰ ਬਣਨ ਕਰਕੇ ਮੋਰਚੇ ਦੀਆਂ ਗਤੀਵਿਧੀਆਂ ਮੋਦੀ ਸਰਕਾਰ ਲਈ ਦਿਨ ਪ੍ਰਤੀ ਦਿਨ ਚੁਣੌਤੀ ਬਣਦੀਆਂ ਜਾ ਰਹੀਆਂ ਹਨ। ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ’ਚ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਤੋਂ ਘਬਰਾਈ ਸਰਕਾਰ ਝੂਠਾਂ , ਸਾਜ਼ਿਸ਼ਾਂ, ਜਬਰ ਹਰ ਤਰ੍ਹਾਂ ਦੇ ਹੱਥਕੰਡਿਆਂ ਦਾ ਸਹਾਰਾ ਲੈ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦਾ ਬਣਨਾ ਬਹੁਤ ਸ਼ੁਭ ਸੰਕੇਤ ਹੈ ਜੋ ਨਾ ਸਿਰਫ ਭਾਰਤ ਦੇ ਸਗੋਂ ਦੁਨੀਆ ਭਰ ਦੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਕਿਰਤੀਆਂ ਲਈ ਰਾਹ-ਦਸੇਰਾ ਬਣਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਨੇ ਧਨੌਲਾ ਪੁਲੀਸ ਵੱਲੋਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਦਬਾਅ ਹੇਠ ਝੂਠੇ ਕੇਸ ਦਰਜ ਕਰਨ ਖਿਲਾਫ਼ 29 ਅਕਤੂਬਰ ਨੂੰ ਧਨੌਲਾ ਥਾਣੇ ਦਾ ਘਿਰਾਉ ਕਰਨ ਮੌਕੇ ਸਭ ਇਨਸਾਫਪਸੰਦ ਲੋਕਾਂ ਨੂੰ ਉਸ ਦਿਨ 11 ਵਜੇ ਸਿੱਧਾ ਧਨੌਲਾ ਦਾਣਾ ਮੰਡੀ ਪਹੁੰਚਣ ਦੀ ਅਪੀਲ ਕੀਤੀ।
ਬੁਲਾਰਿਆਂ ਨੇ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਸਰਗਰਮ ਸਮਰਥਕ ਅਤੇ ਪਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਹੀ ਅਮਰੀਕਾ ਵਾਪਸ ਭੇਜਣ ਦੇ ਸਰਕਾਰੀ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ।
ਚੰਨੀ ਨੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ
ਕੁਰਾਲੀ (ਮਿਹਰ ਸਿੰਘ): ਪਿੰਡ ਰੋਡਮਾਜਰਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਹੈ। ਪਿੰਡ ਰੋਡਮਾਜਰਾ-ਚੱਕਲਾਂ ਵਿੱਚ ਬਣਨ ਵਾਲੇ ਸਟੇਡੀਅਮ ਤੋਂ ਇਲਾਵਾ ਉਨ੍ਹਾਂ ਨੇ ਰੋਡਮਾਜਰਾ ’ਚ ਜਲ ਸਪਲਾਈ ਵਾਲੀ ਟੈਂਕੀ ਦਾ ਉਦਘਾਟਨ ਵੀ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਸੂਬਾ ਸਰਕਾਰ ਵੱਲੋਂ ਉਸਾਰਿਆ ਜਾਣ ਵਾਲਾ ਇਹ ਸਟੇਡੀਅਮ ਕਿਸਾਨਾਂ ਦੇ ਸੰਘਰਸ਼ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਇਜਲਾਸ ਬੁਲਾ ਕੇ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨੋਂ ਖੇਤੀ ਕਾਨੂੰਨ ਸਰਬਸੰਮਤੀ ਨਾਲ ਰੱਦ ਕੀਤਾ ਜਾਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਖੇਤਰ ’ਚ ਬੇਲਾ-ਪਨਿਆਲੀ ਸੜਕ ਨੂੰ ਕੌਮੀ ਰਾਜਮਾਰਗ 344-ਏ ਨਾਲ ਜੋੜਨ ਲਈ ਸਤਲੁਜ ਦਰਿਆ ਉੱਤੇ 114 ਕਰੋੜ ਦੀ ਲਾਗਤ ਨਾਲ ਪੁਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ।