
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 14 ਮਈ
ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਬੰਦ 3 ਨੰਬਰ ਯੂਨਿਟ ਨੂੰ ਮੁੜ ਚਾਲੂ ਕਰਨਾ ਥਰਮਲ ਪਲਾਂਟ ਦੇ ਅਧਿਕਾਰੀਆਂ ਲਈ ਮੁਸ਼ਕਲ ਹੋ ਗਿਆ ਹੈ। ਥਰਮਲ ਪਲਾਂਟ ਦੇ ਪ੍ਰਬੰਧਕਾਂ ਨੂੰ 3 ਨੰਬਰ ਯੂਨਿਟ ਨੂੰ ਈਐੱਸਪੀ ਵਿੱਚ ਸੁਆਹ ਜਮ੍ਹਾਂ ਹੋ ਜਾਣ ਕਾਰਨ ਬੰਦ ਰੱਖਣਾ ਪੈ ਰਿਹਾ ਹੈ। ਪਲਾਂਟ ਵੱਲੋਂ ਯੂਨਿਟਾਂ ਦੀ ਸੁਆਹ 5 ਪਾਈਪ ਲਾਈਨਾਂ ਰਾਹੀਂ ਅੰਬੂਜਾ ਅਤੇ ਏਸੀਸੀ ਸੀਮਿੰਟ ਕੰਪਨੀਆਂ ਨੂੰ ਸਪਲਾਈ ਕੀਤੀ ਜਾਂਦੀ ਹੈ। ਹੁਣ ਸੀਮਿੰਟ ਦਾ ਉਤਪਾਦਨ ਘਟਣ ਕਾਰਨ ਕੰਪਨੀਆਂ ਨੇ ਥਰਮਲ ਤੋਂ ਸੁਆਹ ਲੈਣੀ ਘਟਾ ਦਿੱਤੀ ਹੈ। ਸੀਮਿੰਟ ਕੰਪਨੀਆਂ ਦੇ ਉਤਪਾਦਨ ਘਟਣ ਦਾ ਕਾਰਨ ਰੋਸ ਧਰਨਾ ਦੇ ਰਹੇ ਵਿਅਕਤੀਆਂ ਵੱਲੋਂ ਫੈਕਟਰੀ ਤੋਂ ਸੀਮਿੰਟ ਲੈ ਕੇ ਜਾ ਰਹੇ ਟਰੱਕਾਂ ਨੂੰ ਰੋਕਣਾ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸੀਮਿੰਟ ਕੰਪਨੀਆਂ ਨੇ ਸੀਮਿੰਟ ਸਹੀ ਤਰੀਕੇ ਨਾਲ ਡਿਸਪੈਚ ਨਾ ਹੋਣ ਕਾਰਨ ਸੀਮਿੰਟ ਦਾ ਉਤਪਾਦਨ 25 ਤੋਂ 30 ਫੀਸਦੀ ਘਟਾ ਦਿੱਤਾ ਹੈ ਅਤੇ ਇਸੇ ਹਿਸਾਬ ਨਾਲ ਹੀ ਥਰਮਲ ਦੀ ਸੁਆਹ ਦੀ ਮੰਗ ਵੀ ਘਟੀ ਹੈ। ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਵੀ ਧਰਨਾਕਾਰੀਆਂ ਵੱਲੋਂ ਸੁਆਹ ਲੈਣ ਆਉਂਦੇ ਟਰੱਕਾਂ ਦੀ ਆਵਾਜਾਈ ’ਤੇ ਪੂਰੀ ਪਾਬੰਦੀ ਲਗਾਈ ਹੋਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ