RTI ’ਚ ਖ਼ੁਲਾਸਾ: ਛੇ ਸਾਲਾਂ ਵਿੱਚ Bathinda MC ਨੇ ਜਾਰੀ ਕੀਤੇ 3,950 ਰੇਹੜੀ-ਫੜੀ ਲਾਇਸੈਂਸ
ਸ਼ਹਿਰ ਵਿੱਚ ਕਰੀਬ 10 ਹਜ਼ਾਰ ਸਟਰੀਟ ਵੈਂਡਰ ਹੋਣ ਦਾ ਅਨੁਮਾਨ; ਟਰੈਫ਼ਿਕ ਜਾਮ ਅਤੇ ਕਬਜ਼ਿਆਂ ਦੀ ਸਮੱਸਿਆ ਬਰਕਰਾਰ
ਬਠਿੰਡਾ ਸ਼ਹਿਰ ਵਿੱਚ ਰੇਹੜੀ-ਫੜੀ ਵਾਲਿਆਂ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਗਰ ਨਿਗਮ ਵੱਲੋਂ ਸਮੇਂ-ਸਮੇਂ ’ਤੇ ਸਟਰੀਟ ਵੈਂਡਰਾਂ ਨੂੰ ਢੁੱਕਵੀਆਂ ਥਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਯਤਨ ਕੀਤੇ ਗਏ, ਪਰ ਇਹ ਕੋਸ਼ਿਸ਼ਾਂ ਹੁਣ ਤੱਕ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੀਆਂ। ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੜਕਾਂ ’ਤੇ ਬਿਨਾਂ ਪਰਵਾਨਗੀ ਬੈਠੇ ਰੇਹੜੀ-ਫੜੀ ਵਾਲਿਆਂ ਕਾਰਨ ਟਰੈਫਿਕ ਜਾਮ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਲਗਾਤਾਰ ਵਧ ਰਹੀਆਂ ਹਨ।
ਉੱਥੇ ਹੀ ਆਰ ਟੀ ਆਈ ਕਾਰਕੁਨ ਸੰਜੀਵ ਗੋਇਲ ਵੱਲੋਂ 14 ਮਈ 2026 ਨੂੰ 'ਸੂਚਨਾ ਦਾ ਅਧਿਕਾਰ' (RTI) ਕਾਨੂੰਨ ਤਹਿਤ ਬਠਿੰਡਾ ਨਗਰ ਨਿਗਮ ਤੋਂ ਰੇਹੜੀ-ਫੜੀ ਲਾਇਸੈਂਸਾਂ ਅਤੇ ਉਨ੍ਹਾਂ ਤੋਂ ਹੋਈ ਆਮਦਨ ਸਬੰਧੀ ਜਾਣਕਾਰੀ ਮੰਗੀ ਗਈ ਸੀ। ਇਸ ਦੇ ਜਵਾਬ ਵਿੱਚ ਨਗਰ ਨਿਗਮ ਨੇ 12 ਜੂਨ 2026 ਨੂੰ ਜਾਣਕਾਰੀ ਮੁਹੱਈਆ ਕਰਵਾਈ। ਪ੍ਰਾਪਤ ਵੇਰਵਿਆਂ ਅਨੁਸਾਰ, ਵਿੱਤੀ ਸਾਲ 2018-19 ਤੋਂ 2025-26 ਤੱਕ ਦੇ ਉਪਲਬਧ 6 ਸਾਲਾਂ ਦੇ ਰਿਕਾਰਡ ਮੁਤਾਬਕ ਕੁੱਲ 3,950 ਲਾਇਸੈਂਸ ਜਾਰੀ ਕੀਤੇ ਗਏ, ਜਿਨ੍ਹਾਂ ਤੋਂ ਨਿਗਮ ਨੂੰ 3 ਲੱਖ 1 ਹਜ਼ਾਰ ਰੁਪਏ ਦੀ ਆਮਦਨ ਹੋਈ। ਸਭ ਤੋਂ ਵੱਧ 1,321 ਲਾਇਸੈਂਸ ਸਾਲ 2019-20 ਵਿੱਚ ਜਾਰੀ ਹੋਏ, ਜਦਕਿ 2020-21 ਵਿੱਚ 890 ਅਤੇ 2022-23 ਵਿੱਚ 868 ਲਾਇਸੈਂਸ ਜਾਰੀ ਕੀਤੇ ਗਏ। ਸਾਲ 2023-24 ਅਤੇ 2024-25 ਲਈ ਕੋਈ ਰਿਕਾਰਡ ਮੌਜੂਦ ਨਹੀਂ ਦੱਸਿਆ ਗਿਆ।
ਸ਼ਹਿਰ ਦੇ ਅਦਾਲਤ ਰੋਡ, ਸਬਜ਼ੀ ਮੰਡੀ, ਰਾਜਿੰਦਰਾ ਕਾਲਜ ਰੋਡ, ਦਾਣਾ ਮੰਡੀ ਰੋਡ, ਅਮਰੀਕ ਸਿੰਘ ਰੋਡ, ਹਸਪਤਾਲ ਬਾਜ਼ਾਰ, ਕਿੱਕਰ ਬਾਜ਼ਾਰ, ਪਾਵਰ ਹਾਊਸ ਰੋਡ, ਜੀ ਟੀ ਰੋਡ ਅਤੇ ਬੱਸ ਸਟੈਂਡ ਇਲਾਕਿਆਂ ਸਮੇਤ ਕਈ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਰੇਹੜੀ-ਫੜੀ ਵਾਲੇ ਕਾਰੋਬਾਰ ਕਰ ਰਹੇ ਹਨ। ਆਰ ਟੀ ਆਈ (RTI) ਦੇ ਜਵਾਬ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਲ 2016 ਤੋਂ ਬਾਅਦ ਨਗਰ ਨਿਗਮ ਵੱਲੋਂ ਸਟਰੀਟ ਵੈਂਡਰਾਂ ਦੀ ਗਿਣਤੀ ਸਬੰਧੀ ਕੋਈ ਸਰਵੇਖਣ ਨਹੀਂ ਕਰਵਾਇਆ ਗਿਆ। ਸੰਜੀਵ ਗੋਇਲ ਦਾ ਅਨੁਮਾਨ ਹੈ ਕਿ ਇਸ ਵੇਲੇ ਬਠਿੰਡਾ ਸ਼ਹਿਰ ਵਿੱਚ ਲਗਪਗ 10 ਹਜ਼ਾਰ ਸਟਰੀਟ ਵੈਂਡਰ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਾਰੇ ਸਟਰੀਟ ਵੈਂਡਰਾਂ ਲਈ ਨਿਰਧਾਰਤ ਵੈਂਡਿੰਗ ਜ਼ੋਨ ਬਣਾਏ ਜਾਣ, ਲਾਇਸੈਂਸ ਜਾਰੀ ਕੀਤੇ ਜਾਣ ਅਤੇ ਇੱਕ ਪ੍ਰਭਾਵਸ਼ਾਲੀ ਪ੍ਰਣਾਲੀ ਲਾਗੂ ਕੀਤੀ ਜਾਵੇ, ਤਾਂ ਜੋ ਟਰੈਫਿਕ ਪ੍ਰਬੰਧ ਸੁਚਾਰੂ ਬਣੇ ਅਤੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
