ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ
ਨਿੱਜੀ ਬੱਸ ਕੰਪਨੀਆਂ ਦੀ ਟੈਕਸ ਚੋਰੀ ਤੇ ਇਕ ਪਰਮਿਟ ’ਤੇ ਇਕ ਤੋਂ ਵੱਧ ਬੱਸਾਂ ਚਲਾਉਣ ਦੇ ਮਾਮਲੇ ’ਚ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸਖ਼ਤੀ ਮਗਰੋਂ ਹੁਣ ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਆਮਦਨ ਵਿੱਚ 40 ਲੱਖ ਰੁਪਏ ਦਾ ਵਾਧਾ ਦਰਜ ਹੋਇਆ ਹੈ। ਇਹ ਦਾਅਵਾ ਆਵਾਜਾਈ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਬੱਸ ਅੱਡੇ ਦਾ ਨਿਰੀਖਣ ਅਤੇ ਡਿਫਾਲਟਰ ਬੱਸਾਂ ਫੜਨ ਵੇਲੇ ਕੀਤੀ ਕਾਰਵਾਈ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਰੋਨਾ ਕਾਲ ਦੌਰਾਨ ਬੱਸ ਮਾਲਕਾਂ ਨੂੰ ਰਾਹਤ ਲਈ 100 ਕਰੋੜ ਰੁਪਏ ਟੈਕਸ ਦੀ ਮੁਆਫੀ ਦਿੱਤੀ ਸੀ, ਪਰ ਬਹੁਤੇ ਮਾਲਕਾਂ ਨੇ ਇਸ ਤੋਂ ਬਾਅਦ ਵੀ ਟੈਕਸ ਨਹੀਂ ਭਰਿਆ, ਹਾਲਾਂਕਿ ਉਨ੍ਹਾਂ ਦੀਆਂ ਬੱਸਾਂ ਲਗਾਤਾਰ ਸਵਾਰੀਆਂ ਢੋਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਗ਼ੈਰ-ਕਾਨੂੰਨੀ ਕਾਰਵਾਈ ਵਿੱਚ ਫਸੀਆਂ 175 ਦੇ ਕਰੀਬ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਸਿਲਸਿਲਾ ਅੱਗੇ ਵੀ ਜਾਰੀ ਹੈ। ਇਸ ਮੌਕੇ ਉਨ੍ਹਾਂ ਮੁਕਤਸਰ ਬੱਸ ਅੱਡੇ ਉਪਰ ਬਿਨ੍ਹਾਂ ਟੈਕਸ ਭਰੇ ਚੱਲਣ ਵਾਲੀਆਂ ਨਿੱਜੀ ਕੰਪਨੀਆਂ ਦੀ ਛੇ ਬੱਸਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ।