ਪੰਜਾਬ ਵਿੱਚ 500 ਤੋਂ ਵੱਧ ਥਾਵਾਂ ’ਤੇ ਸੜਕਾਂ ਜਾਮ ਰਹੀਆਂ

* ਸ਼ਹਿਰਾਂ ’ਚ ਕਰਫਿਊ ਵਰਗੀ ਸਥਿਤੀ ਰਹੀ * ਸੜਕਾਂ ਤੇ ਰੇਲ ਪਟੜੀਆਂ ’ਤੇ ਡਟੇ ਰਹੇ ਕਿਸਾਨ * 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕੀਤਾ ਗਿਆ ਰੋਸ ਪ੍ਰਦਰਸ਼ਨ * ਬੈਂਕਾਂ ਸਮੇਤ ਸਮੂਹ ਸਰਕਾਰੀ ਤੇ ਨਿੱਜੀ ਅਦਾਰੇ ਬੰਦ ਰਹੇ * ਧਰਨਿਆਂ ਵਾਲੀਆਂ ਥਾਵਾਂ ’ਤੇ ਰਿਕਾਰਡ ਤੋੜ ਇਕੱਠ

ਪੰਜਾਬ ਵਿੱਚ 500 ਤੋਂ ਵੱਧ ਥਾਵਾਂ ’ਤੇ ਸੜਕਾਂ ਜਾਮ ਰਹੀਆਂ

ਜਲੰਧਰ ਨੇੜੇ ਕੌਮੀ ਮਾਰਗ ਜਾਮ ਕਰ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੀਆਂ ਹੋਈਆਂ ਵੱਡੀ ਗਿਣਤੀ ਵਿਚ ਜੁੜੀਆਂ ਔਰਤਾਂ। -ਫੋਟੋ: ਸਰਬਜੀਤ ਸਿੰਘ

ਦਵਿੰਦਰ ਪਾਲ

ਚੰਡੀਗੜ੍ਹ, 27 ਸਤੰਬਰ

ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਅੱਜ ਸਮੂਹ ਵਰਗਾਂ ਨੇ ਭਰਵਾਂ ਸਮਰਥਨ ਦਿੱਤਾ। ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ, ਮੋਗਾ ਤੇ ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਕਿਸਾਨ ਰੇਲ ਪਟੜੀਆਂ ’ਤੇ ਦਰੀਆਂ ਵਿਛਾ ਕੇ ਬੈਠੇ ਰਹੇ ਜਿਸ ਕਾਰਨ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਸੂਬੇ ਦੀਆਂ ਸਾਰੀਆਂ ਵੱਡੀਆਂ-ਛੋਟੀਆਂ ਸੜਕਾਂ ਉਪਰ ਸਵੇਰੇ 6 ਵਜੇ ਤੋਂ ਹੀ ਕਿਸਾਨਾਂ ਵੱਲੋਂ ਮੋਰਚਾ ਗੱਡ ਦਿੱਤੇ ਜਾਣ ਕਾਰਨ ਸੁੰਨ ਪੱਸਰੀ ਹੋਈ ਸੀ। ਪੰਜਾਬ ਭਰ ਵਿੱਚ ਜੇਕਰ ਸੜਕਾਂ ’ਤੇ ਕੋਈ ਦਿਖਾਈ ਦੇ ਰਿਹਾ ਸੀ ਤਾਂ ਅੰਦੋਲਨਕਾਰੀ ਕਿਸਾਨ ਹੀ ਦਿਖਾਈ ਦੇ ਰਹੇ ਸਨ।

ਰੇਲ ਪਟੜੀਆਂ ’ਤੇ ਰੇਲਾਂ ਦਾ ਚੱਕਾ ਜਾਮ ਹੋਣ ਕਾਰਨ ਯਾਤਰੀ ਸ਼ਾਮ ਤੱਕ ਡੱਬਿਆਂ ’ਚ ਬੰਦ ਰਹੇ। ਕਈ ਥਾਈਂ ਯਾਤਰੀਆਂ ਲਈ ਕਿਸਾਨਾਂ ਨੇ ਲੰਗਰ ਅਤੇ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਤੇ ਅੰਦੋਲਨ ਦੌਰਾਨ ਪ੍ਰੇਸ਼ਾਨੀ ਲਈ ਅਫਸੋਸ ਵੀ ਪ੍ਰਗਟਾਇਆ। ਪੰਜਾਬ ਵਿੱਚ 600 ਤੋਂ ਵੱਧ ਥਾਵਾਂ ’ਤੇ ਧਰਨੇ ਲਾਉਂਦਿਆਂ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਐਕਟ 2020 ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤੇ। ਸੂਬੇ ਭਰ ’ਚ ਕਰੀਬ 500 ਥਾਵਾਂ ’ਤੇ ਸੜਕ ਜਾਮ, 20 ਤੋਂ ਵੱਧ ਥਾਵਾਂ ’ਤੇ ਰੇਲ ਰੋਕੋ ਧਰਨੇ, ਸਵਾ ਸੌ ਥਾਵਾਂ ’ਤੇ ਪਹਿਲਾਂ ਤੋਂ ਚਲਦੇ ਪੱਕੇ ਧਰਨੇ ਅਤੇ ਸੈਂਕੜੇ ਥਾਵਾਂ ’ਤੇ ਸ਼ਹਿਰਾਂ ਦੇ ਬਾਜ਼ਾਰਾਂ ’ਚ ਅੰਦੋਲਨਕਾਰੀਆਂ ਵੱਲੋਂ ਰੋਸ ਮਾਰਚ ਕੱਢੇ ਗਏ। ਪੰਜਾਬ ਭਰ ਵਿੱਚ ਪੈਂਦੇ ਕੌਮੀ ਹਾਈਵੇਅ, ਰਾਜ ਮਾਰਗ ਸਮੇਤ ਅਹਿਮ ਸੜਕ ਮਾਰਗ ਦਿਨ ਭਰ ਲਈ ਬਿਲਕੁਲ ਬੰਦ ਰਹੇ। ਗੁਆਂਢੀ ਰਾਜਾਂ ਤੋਂ ਸੂਬੇ ’ਚ ਆਉਣ ਵਾਲੀ ਆਵਜਾਈ ਬੰਦ ਰਹੀ। ਪੰਜਾਬ ਤੇ ਹਰਿਆਣਾ ਤੋਂ ਆਵਾਜਾਈ ਠੱਪ ਹੋਣ ਕਾਰਨ ਚੰਡੀਗੜ੍ਹ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ ਤੇ ਸਰਕਾਰੀ ਦਫ਼ਤਰਾਂ ’ਚ ਵੀ ਰੌਣਕ ਗਾਇਬ ਸੀ। ਆਵਾਜਾਈ ਠੱਪ ਹੋਣ ਕਾਰਨ ਪੰਜਾਬ ’ਚ ਵੀ ਸਰਕਾਰੀ, ਅਰਧ ਸਰਕਾਰੀ ਤੇ ਨਿੱਜੀ ਖੇਤਰ ਦੇ ਅਦਾਰੇ ਬੰਦ ਰਹੇ।

ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ ਤੇ ਹੋਰ ਕਿਸਾਨ ਪਟਿਆਲਾ ਵਿੱਚ ਭਾਰਤ ਬੰਦ ਵਿੱਚ ਹਿੱਸਾ ਲੈਂਦੇ ਹੋਏ। ਫੋਟੋ: ਪੀਟੀਆਈ

ਪੰਜਾਬ ਭਰ ’ਚ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨਾਂ, ਮੁਲਾਜ਼ਮਾਂ, ਵਕੀਲਾਂ, ਠੇਕਾ ਕਾਮਿਆਂ, ਆਂਗਣਵਾੜੀ ਵਰਕਰਾਂ, ਬਿਜਲੀ ਕਾਮਿਆਂ, ਵਿਦਿਆਰਥੀਆਂ, ਨੌਜਵਾਨਾਂ, ਅਨੇਕਾਂ ਇਨਸਾਫਪਸੰਦ ਜਮਹੂਰੀ ਜਥੇਬੰਦੀਆਂ, ਟਰਾਂਸਪੋਰਟਰਾਂ, ਮੁਲਾਜ਼ਮਾਂ, ਆੜ੍ਹਤੀਆਂ, ਦੁਕਾਨਦਾਰਾਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵਪਾਰੀਆਂ ਵੱਲੋਂ ਸਹਿਯੋਗ ਕਰਦਿਆਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ’ਚ 130 ਥਾਈਂ ਸੜਕ ਜਾਮ ਅਤੇ 5 ਥਾਈਂ ਰੇਲ ਮਾਰਗ ਜਾਮ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 24-25 ਸਤੰਬਰ ਨੂੰ 60 ਬਲਾਕਾਂ ਦੇ 1185 ਪਿੰਡਾਂ, 50 ਸ਼ਹਿਰਾਂ ਅਤੇ 70 ਕਸਬਿਆਂ ਵਿੱਚ ਲਗਭਗ 8700 ਮੋਟਰਸਾਈਕਲਾਂ ਅਤੇ 175 ਵੈਨਾਂ ’ਤੇ ਹੋਕਾ ਮਾਰਚ ਰਾਹੀਂ ਲਗਭਗ 80-90 ਲੱਖ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਗਿਆ ਸੀ। ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਸਕੱਤਰ ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਜ਼ਿਲ੍ਹਿਆਂ, ਬਲਾਕਾਂ ਤੇ ਪਿੰਡਾਂ ਦੇ ਆਗੂ ਸ਼ਾਮਲ ਸਨ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਜਗਜੀਤ ਸਿੰਘ ਡੱਲੇਵਾਲ, ਜਗਮੋਹਨ ਸਿੰਘ ਪਟਿਆਲਾ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਕੁਲਵੰਤ ਸਿੰਘ ਸੰਧੂ, ਜੰਗਬੀਰ ਸਿੰਘ ਚੌਹਾਨ ਤੇ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਸ਼ਾਂਤਮਈ ਅਤੇ ਅਨੁਸ਼ਾਸਨ ਨਾਲ ਸੂਬੇ ਭਰ ’ਚ ਬੰਦ ਦੇ ਸੱਦੇ ਨੂੰ ਸਫ਼ਲ ਕੀਤਾ ਗਿਆ। ਬੰਦ ਦੀ ਖਾਸ ਗੱਲ ਇਹ ਸੀ ਕਿ ਲੋਕਾਂ ਨੇ ਆਪ ਮੁਹਾਰੇ ਹੀ ਇਸ ਨੂੰ ਸਹਿਯੋਗ ਦਿੱਤਾ। ਕਿਸਾਨ ਜਥੇਬੰਦੀਆਂ ਦੇ ਵਾਲੰਟੀਅਰਾਂ ਨੇ ਐਮਰਜੈਂਸੀ ਸੇਵਾਵਾਂ ਵਾਲੇ ਵਿਅਕਤੀਆਂ ਨੂੰ ਲਾਂਘਾ ਦੇਣ ਲਈ ਧਰਨਿਆਂ ਵਾਲੀ ਥਾਵਾਂ ’ਤੇ ਵਿਸ਼ੇਸ਼ ਬੰਦੋਬਸਤ ਕੀਤੇ ਹੋਏ ਸਨ। ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਉਦੋਂ ਤੱਕ ਸੰਘਰਸ਼ ਲਈ ਡਟੀਆਂ ਰਹਿਣਗੀਆਂ, ਜਦੋਂ ਤੱਕ ਤਿੰਨ ਖੇਤੀ ਕਾਨੂੰਨ, ਬਿਜਲੀ ਆਰਡੀਨੈਂਸ ਅਤੇ ਪਰਾਲੀ ਆਰਡੀਨੈਂਸ ਰੱਦ ਕਰਕੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸਬੰਧੀ ਕਾਨੂੰਨ ਨਹੀਂ ਬਣਦਾ।

ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ: ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਹੋਰ ਤੇਜ਼ ਅਤੇ ਵਿਸ਼ਾਲ ਹੋਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਬੰਦ ਕਿਸੇ ਨਿੱਜੀ ਮੁਫਾਦ ਲਈ ਨਹੀਂ, ਸਗੋਂ ਉਸ ਵਰਗ ਲਈ ਹੈ ਜੋ ਸਮੁੱਚੇ ਦੇਸ਼ ਨੂੰ ਅੰਨ ਮੁਹੱਈਆ ਕਰਵਾਉਂਦਾ ਹੈ। ਇਸ ਕਰਕੇ ਜੋ ਵੀ ਵਿਅਕਤੀ ਅੰਨ ਖਾਂਦਾ ਹੈ, ਉਸ ਨੂੰ ਇਸ ਬੰਦ ਦਾ ਸਾਥ ਦੇਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All