Road Accident: ਭਿਆਨਕ ਸੜਕ ਹਾਦਸੇ 'ਚ ਔਰਤ ਦੀ ਮੌਤ; 6 ਜ਼ਖਮੀ
ਦੋ ਕਾਰਾਂ ਦੀ ਆਹਮੋ-ਸਾਹਮਣੇ ਤੋਂ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਛੇ ਵਜੇ ਦੇ ਕਰੀਬ ਦੋ ਕਾਰਾਂ ਦੀ ਆਹਮੋ-ਸਾਹਮਣੇ ਤੋਂ ਹੋਈ ਟੱਕਰ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੂਰਾ ਕੋਹਨਾ ਤੋਂ ਵਰਨਾ ਕਾਰ ਸਵਾਰ ਦੋ ਨੌਜਵਾਨ ਬਰਨਾਲੇ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਕੋਟ ਈਸੇ ਖਾਂ ਦੇ ਦਸਮੇਸ਼ ਪਬਲਿਕ ਸਕੂਲ ਦੇ ਨਜ਼ਦੀਕ ਪੁੱਜੀ ਤਾਂ ਕਾਰ ਬੇਕਾਬੂ ਹੋ ਕੇ ਡਵਾਇਡਰ ਪਾਰ ਕਰਦੀ ਹੋਈ ਦੂਸਰੇ ਪਾਸੇ ਤੋਂ ਆ ਰਹੀ ਸਵਿਫਟ ਕਾਰ ਨਾਲ ਜਾ ਟਕਰਾਈ।
ਟੱਕਰ ਇੰਨੀ ਭਿਆਨਕ ਸੀ ਕਿ ਦੋਣੋਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਦੌਰਾਨ ਸਵਿਫਟ ਕਾਰ ਵਿਚ ਸਵਾਰ ਬਜ਼ੁਰਗ ਔਰਤ ਦੀ ਮੌਤ ਹੋ ਗਈ ਅਤੇ ਬਾਕੀ ਚਾਰ ਲੋਕਾਂ ਦੇ ਗੰਭੀਰ ਸੱਟਾ ਲੱਗੀਆਂ। ਉੱਥੇ ਹੀ ਵਰਨਾ ਕਾਰ ਸਵਾਰ ਦੋਣੋਂ ਨੌਜਵਾਨ ਵੀ ਜ਼ਖ਼ਮੀ ਹੋ ਗਏ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਸੁਨੀਤਾ ਬਾਵਾ ਪੁਲੀਸ ਪਾਰਟੀ ਨਾਲ ਦੁਰਘਟਨਾ ਸਥਾਨ ਉੱਤੇ ਪੁੱਜੀ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਕੋਟ ਈਸੇ ਖਾਂ ਭਰਤੀ ਕਰਵਾਇਆ। ਮੁੱਢਲੀ ਸਹਾਇਤਾ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

