ਚਰਨਜੀਤ ਭੁੱਲਰ
ਚੰਡੀਗੜ੍ਹ, 9 ਸਤੰਬਰ
ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਪਹਿਲੀ ਦਫਾ ਦਰਿਆਈ ਪਾਣੀਆਂ ਦੀ ਵਰਤੋਂ ਵਿਚ ਅੱਗੇ ਨਿਕਲਣ ਲੱਗਾ ਹੈ। ਪੰਜਾਬ ਪਹਿਲਾਂ ਸਤਲੁਜ, ਰਾਵੀ ਤੇ ਬਿਆਸ ਦੇ ਪਾਣੀਆਂ ’ਚੋਂ ਬਣਦੀ ਹਿੱਸੇਦਾਰੀ ਤੋਂ ਘੱਟ ਪਾਣੀ ਵਰਤਦਾ ਰਿਹਾ ਹੈ। ਸੂਬੇ ਨੇ ਸਤਲੁਜ ਦੇ ਪਾਣੀ ’ਚੋਂ ਕਦੇ ਵੀ ਆਪਣੇ ਬਣਦੇ ਹਿੱਸੇ ਮੁਤਾਬਿਕ ਪਾਣੀ ਵਰਤਿਆ ਹੀ ਨਹੀਂ ਸੀ। ਹੁਣ ਚੰਗੇ ਸੰਕੇਤ ਮਿਲਣ ਲੱਗੇ ਹਨ ਕਿ ਪੰਜਾਬ ਇਸ ਵੇਲੇ ਹਰਿਆਣਾ ਤੇ ਰਾਜਸਥਾਨ ਨੂੰ ਦਰਿਆਈ ਪਾਣੀਆਂ ਦੀ ਵਰਤੋਂ ’ਚ ਪਿਛਾਂਹ ਛੱਡ ਆਇਆ ਹੈ।
ਪੰਜਾਬ ਸਰਕਾਰ ਵੱਲੋਂ ਚਾਲੂ ਵਰ੍ਹੇ ਵਿੱਚ 21 ਮਈ ਤੋਂ ਪਹਿਲੀ ਸਤੰਬਰ ਤੱਕ (ਕਰੀਬ ਸਾਢੇ ਤਿੰਨ ਮਹੀਨੇ) ਦਰਿਆਈ ਪਾਣੀਆਂ ਦੀ ਵਰਤੋਂ ਦਾ ਮੁਲਾਂਕਣ ਕੀਤਾ ਗਿਆ ਹੈ। ਇਸ ਦੌਰਾਨ ਤੱਥ ਉਭਰੇ ਹਨ ਕਿ ਪੰਜਾਬ ਨੇ ਸਤਲੁਜ, ਰਾਵੀ ਅਤੇ ਬਿਆਸ ਦੇ ਪਾਣੀਆਂ ’ਚੋਂ 4.168 ਐੱਮਏਐੱਫ ਪਾਣੀ ਵਰਤ ਲਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਦੇ ਇਨ੍ਹਾਂ ਸਾਢੇ ਤਿੰਨ ਮਹੀਨਿਆਂ ਵਿਚ ਪੰਜਾਬ ਨੇ 3.365 ਐੱਮਏਐੱਫ ਪਾਣੀ ਵਰਤਿਆ ਸੀ। ਹਰਿਆਣਾ ਨੇ ਐਤਕੀਂ ਇਨ੍ਹਾਂ ਸਾਢੇ ਤਿੰਨ ਮਹੀਨਿਆਂ ਵਿਚ ਸਿਰਫ 1.758 ਐੱਮਏਐੱਫ ਪਾਣੀ ਦੀ ਵਰਤੋਂ ਕੀਤੀ ਹੈ। ਹਾਲਾਂਕਿ ਪਿਛਲੇ ਵਰ੍ਹੇ ਦੇ ਇਸ ਸਮੇਂ ਦੌਰਾਨ ਹਰਿਆਣਾ ਨੇ 1.886 ਐੱਮਏਐੱਫ ਪਾਣੀ ਵਰਤਿਆ ਸੀ। ਇਸੇ ਤਰ੍ਹਾਂ ਹੀ ਰਾਜਸਥਾਨ ਨੇ ਚਲੰਤ ਸਾਲ ਦੇ ਇਨ੍ਹਾਂ ਸਾਢੇ ਤਿੰਨ ਮਹੀਨਿਆਂ ਦੌਰਾਨ 2.075 ਐੱਮਏਐੱਫ ਪਾਣੀ ਵਰਤਿਆ ਹੈ ਪਰ ਰਾਜਸਥਾਨ ਨੇ ਪਿਛਲੇ ਸਾਲ ਇਸ ਸਮੇਂ ਦੌਰਾਨ 2.674 ਐੱਮਏਐੱਫ ਪਾਣੀ ਦੀ ਹੀ ਵਰਤੋਂ ਕੀਤੀ ਸੀ।
ਵੇਰਵਿਆਂ ਅਨੁਸਾਰ ਪੰਜਾਬ ਨੇ 2016-17 ਤੋਂ ਮਗਰੋਂ ਕਦੇ ਵੀ ਦਰਿਆਈ ਪਾਣੀਆਂ ’ਚੋਂ ਆਪਣੇ ਬਣਦੇ ਹਿੱਸੇ ਦਾ ਪਾਣੀ ਨਹੀਂ ਵਰਤਿਆ ਸੀ। ਪਿਛਲੇ ਵਰ੍ਹੇ ਦੀ ਗੱਲ ਕਰੀਏ ਤਾਂ ਪੰਜਾਬ ਨੇ 21 ਮਈ 2022 ਤੋਂ 20 ਮਈ 2023 (ਇੱਕ ਸਾਲ) ਤੱਕ 9.787 ਐੱਮਏਐੱਫ ਪਾਣੀ ਦੀ ਵਰਤੋਂ ਕੀਤੀ ਜਦੋਂ ਕਿ ਪੰਜਾਬ ਦਾ ਹਿੱਸਾ 11.285 ਐੱਮਏਐੱਫ ਬਣਦਾ ਸੀ। ਮਤਲਬ ਕਿ ਪੰਜਾਬ ਨੇ ਆਪਣੇ ਹਿੱਸੇ ’ਚੋਂ ਸਿਰਫ 87 ਫੀਸਦੀ ਪਾਣੀ ਹੀ ਵਰਤਿਆ ਸੀ।
ਰਾਜਸਥਾਨ ਦੀ ਹਿੱਸੇਦਾਰੀ 7.781 ਐੱਮਏਐੱਫ ਹਿੱਸੇਦਾਰੀ ਬਣਦੀ ਸੀ ਪ੍ਰੰਤੂ ਉਸ ਨੇ 8.652 ਫੀਸਦੀ ਪਾਣੀ ਵਰਤਿਆ ਜੋ ਕਿ 111 ਫੀਸਦੀ ਬਣਦਾ ਸੀ। ਇਵੇਂ ਹੀ ਹਰਿਆਣਾ ਦੀ ਪਾਣੀਆਂ ਵਿਚ ਹਿੱਸੇਦਾਰੀ 6.160 ਐੱਮਏਐੱਫ ਬਣਦੀ ਹੈ, ਪਰ ਹਰਿਆਣਾ ਨੇ 6.569 ਐੱਮਏਐੱਫ ਪਾਣੀ ਵਰਤਿਆ ਸੀ। ਹਾਲਾਂਕਿ ਪੰਜਾਬ ਵਿਚ ਜੋ ਜੁਲਾਈ ਅਤੇ ਅਗਸਤ ਮਹੀਨੇ ਵਿਚ ਹੜ੍ਹ ਆਏ, ਉਨ੍ਹਾਂ ਦੀ ਮਾਰ ਵੀ ਇਕੱਲੇ ਪੰਜਾਬ ਨੂੰ ਜ਼ਿਆਦਾ ਝੱਲਣੀ ਪਈ ਹੈ। ਹਰਿਆਣਾ ਤੇ ਰਾਜਸਥਾਨ ਨੇ ਹੜ੍ਹਾਂ ਦੌਰਾਨ ਪਾਣੀ ਲੈਣ ਤੋਂ ਤੌਬਾ ਕਰ ਦਿੱਤੀ ਸੀ। ਪੰਜਾਬ ਨੇ ਹਮੇਸ਼ਾ ਰੌਲਾ ਪਾਇਆ ਕਿ ਹੜ੍ਹਾਂ ਮੌਕੇ ਦੋਵੇਂ ਸੂਬੇ ਹੱਥ ਪਿਛਾਂਹ ਖਿੱਚ ਲੈਂਦੇ ਹਨ। ਪਾਣੀਆਂ ਦੀ ਹਿੱਸੇਦਾਰੀ ਵਰਤਣ ਦਾ ਸਮਾਂ 21 ਸਤੰਬਰ ਤੋਂ 21 ਮਈ ਤੱਕ ਦਾ ਮੰਨਿਆ ਜਾਂਦਾ ਹੈ। ਵਿਚਲੇ ਚਾਰ ਮਹੀਨੇ ਬਾਰਸ਼ਾਂ ਨਾਲ ਡੈਮਾਂ ਦੀ ਭਰਪਾਈ ਦਾ ਸਮਾਂ ਹੁੰਦਾ ਹੈ। ਹਰੇਕ ਸਾਲ 21 ਸਤੰਬਰ ਨੂੰ ਦਰਿਆਈ ਪਾਣੀਆਂ ਦੀ ਵਰਤੋਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਐਤਕੀਂ ਪੰਜਾਬ ਵਿਚ ਜਦੋਂ ਜੁਲਾਈ ਵਿਚ ਹੜ੍ਹ ਆਏ ਤਾਂ ਉਸ ਦੌਰਾਨ ਨਹਿਰਾਂ ਨੂੰ ਬੰਦ ਵੀ ਕਰਨਾ ਪਿਆ ਸੀ। ਦੱਖਣੀ-ਪੱਛਮੀ ਪੰਜਾਬ ਤਾਂ ਬਾਰਸ਼ਾਂ ਬਿਨਾਂ ਐਤਕੀਂ ਸੁੱਕਾ ਹੀ ਰਿਹਾ ਹੈ। ਇਸ ਦੇ ਬਾਵਜੂਦ ਪੰਜਾਬ ’ਚ ਦਰਿਆਈ ਪਾਣੀਆਂ ਦੀ ਵਰਤੋਂ ਵਿਚ ਵਾਧਾ ਹੋਇਆ ਹੈ। ਦੂਜੇ ਪਾਸੇ ਪੰਜਾਬ ਵਿਚ ਕਰੀਬ 14.50 ਲੱਖ ਟਿਊਬਵੈੱਲ ਹਨ ਜਿਨ੍ਹਾਂ ਰਾਹੀਂ ਕਿਸਾਨ ਆਪਣੇ ਖੇਤ ਸਿੰਜਦੇ ਹਨ।
ਮੁੱਖ ਮੰਤਰੀ ਵੱਲੋਂ ਹਰ ਖੇਤ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਦਾ ਵਾਅਦਾ
ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਮੁੱਦਾ ਉਠਾ ਚੁੱਕੇ ਹਨ ਅਤੇ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਨਹਿਰੀ ਪਾਣੀ ਨੂੰ ਹਰ ਖੇਤ ਪੁੱਜਦਾ ਕਰਾਂਗੇ। ਉਨ੍ਹਾਂ ਵੱਲੋਂ ‘ਸਰਕਾਰ ਕਿਸਾਨ ਮਿਲਣੀ’ ਪ੍ਰੋਗਰਾਮਾਂ ਵਿਚ ਵੀ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰਨ ਵਾਸਤੇ ਅਪੀਲ ਕੀਤੀ ਗਈ। ਪਤਾ ਲੱਗਾ ਹੈ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਦਰਿਆਈ ਪਾਣੀਆਂ ਦੀ ਵਰਤੋਂ ਵਿਚ ਪਏ ਮੋੜੇ ਤੋਂ ਮੁੱਖ ਮੰਤਰੀ ਦਫਤਰ ਨੂੰ ਵੀ ਜਾਣੂ ਕਰਾ ਦਿੱਤਾ ਹੈ।