‘ਆਪਣਾ ਪਿੰਡ ਆਪਣਾ ਬਾਗ਼’ ਯੋਜਨਾ ਦਾ ਜਾਇਜ਼ਾ
ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਅੱਜ ‘ਆਪਣਾ ਪਿੰਡ ਆਪਣਾ ਬਾਗ’ ਯੋਜਨਾ ਦਾ ਜਾਇਜ਼ਾ ਲੈਣ ਲਈ ਬਾਗਬਾਨੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਨੇ ‘ਆਪਣਾ ਪਿੰਡ ਆਪਣਾ ਬਾਗ਼’ ਯੋਜਨਾ ਅਧੀਨ ਹੋਈ ਪ੍ਰਗਤੀ ਅਤੇ ਵਿਭਾਗ ਵਿੱਚ ਚੱਲ ਰਹੇ ਹੋਰ ਅਹਿਮ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ। ਮੰਤਰੀ ਨੇ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਤੋਂ ਪ੍ਰਗਤੀ ਅਧੀਨ ਪੌਲੀ ਹਾਊਸ ਪ੍ਰਾਜੈਕਟ ਅਤੇ ਫਲਾਂ ਅਤੇ ਸਬਜ਼ੀਆਂ ਸਬੰਧੀ ਉਤਪਾਦਨ ਦਾ ਵੀ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਤੇ ਫ਼ਲਦਾਰ ਪੌਦੇ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਪੰਚਾਇਤੀ ਜ਼ਮੀਨਾਂ ’ਤੇ ਲੱਗਣ ਵਾਲੇ ਫ਼ਲਦਾਰ ਬਾਗਾਂ ਤੋਂ ਹੋਣ ਵਾਲੀ ਆਮਦਨ ਪਿੰਡਾਂ ਦੇ ਵਿਕਾਸ ਲਈ ਵਰਤੀ ਜਾਵੇਗੀ, ਜਿਸ ਨਾਲ ਸੂਬੇ ਦੇ ਪਿੰਡ ਆਰਥਿਕ ਪੱਖੋਂ ਆਤਮਨਿਰਭਰ ਹੋਣਗੇ। ਬਾਗ਼ਬਾਨੀ ਕਮਿਸ਼ਨਰ ਬਬੀਤਾ ਕਲੇਰ ਅਤੇ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਵਿਭਾਗ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਅਤੇ ਖਾਲੀ ਅਸਾਮੀਆਂ ਨੂੰ ਭਰਨ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ।
