ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 27 ਅਕਤੂਬਰ
ਨਗਰ ਨਿਗਮ ਵੱਲੋਂ ਆਵਾਰਾ ਪਸ਼ੂਆਂ ਲਈ ਚਲਾਏ ਜਾ ਰਹੇ ਪਾਇਲਟ ਪ੍ਰਾਜੈਕਟ ਅਧੀਨ ਕੀਤੀ ਜਾ ਰਹੀ ਵਿਵਸਥਾ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੌਰੇ ਦੌਰਾਨ ਪੰਜਾਬ ਸਰਕਾਰ ਦੀ ਵਿਧਾਨ ਸਭਾ ਕਮੇਟੀ ਵਲੋਂ ਨਿਗਮ ਦੇ ਮੁੱਖ ਦਫ਼ਤਰ ਰਣਜੀਤ ਐਵੇਨਿਊ ਵਿਚ ਮੀਟਿੰਗ ਕੀਤੀ ਗਈ। ਇਸ ਵਿੱਚ ਮੇਅਰ ਕਰਮਜੀਤ ਸਿੰਘ, ਕਮੇਟੀ ਦੇ ਚੇਅਰਮੈਨ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀ, ਪੰਜਾਬ ਪਸ਼ੂ ਪਾਲਣ ਵਿਭਾਗ ਅਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਤੋਂ ਇਲਾਵਾ ਨਗਰ ਨਿਗਮ, ਅੰਮ੍ਰਿਤਸਰ ਦੇ ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ, ਸਮੂਹ ਚੀਫ ਸੈਨੇਟਰੀ ਇੰਸਪੈਕਟਰ ਸ਼ਾਮਲ ਸਨ।
ਇਸ ਮੀਟਿੰਗ ਵਿਚ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਰੋਕਣ ਤੇ ਆਵਾਰਾ ਪਸ਼ੂਆਂ ਦੀ ਸੰਭਾਲ ਅਤੇ ਦੇਖ-ਰੇਖ ਸਬੰਧੀ ਚਲਾਏ ਜਾ ਰਹੇ ਪਾਇਲਟ ਪ੍ਰਾਜੈਕਟ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਮਿਸ਼ਨਰ ਨਗਰ ਨਿਗਮ ਨੇ ਨਿਗਮ ਦੇ ਪ੍ਰੋਗਰਾਮਾਂ ਬਾਰੇ ਕਮੇਟੀ ਮੈਂਬਰਾਂ ਨੂੰ ਜਾਣੂ ਕਰਵਾਇਆ। ਵਿਧਾਨ ਸਭਾ ਕਮੇਟੀ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਮੇਅਰ ਰਿੰਟੂ ਨੇ ਵਿਧਾਨ ਸਭਾ ਕਮੇਟੀ ਨੂੰ ਦੱਸਿਆ ਕਿ ਲੋਕਾਂ ਦੀ ਮੰਗ ’ਤੇ ਮੌਜੂਦਾ ਹਾਊਸ ਦੇ ਕਾਰਜਕਾਲ ਦੌਰਾਨ ਆਵਾਰਾ ਕੁੱਤਿਆਂ ਤੇ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵਲੋਂ ਨਰਾਇਣਗੜ੍ਹ, ਗੁਮਾਨਪੁਰਾ ਰੋਡ ਵਿਚ 34 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਡਾਗ ਸਟਰਲਾਈਜੇਸ਼ਨ ਸੈਂਟਰ ਤਿਆਰ ਕੀਤਾ ਜਾ ਚੁੱਕਾ ਹੈ।