DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੇਵਾਮੁਕਤ ਆਈ ਜੀ ਨੇ ਖ਼ੁਦ ਨੂੰ ਗੋਲੀ ਮਾਰੀ

ਸ਼ੇਅਰ ਮਾਰਕੀਟ ’ਚ 8.10 ਕਰੋੜ ਡੁੱਬਣ ਕਾਰਨ ਖ਼ੁਦਕੁਸ਼ੀ ਦੀ ਕੋਸ਼ਿਸ਼; ਹਾਲਤ ਗੰਭੀਰ

  • fb
  • twitter
  • whatsapp
  • whatsapp
Advertisement

ਮੁਨਾਫ਼ਾ ਕਮਾਉਣ ਦੇ ਮਨੋਰਥ ਨਾਲ ਸ਼ੇਅਰ ਮਾਰਕੀਟ ’ਚ ਲਾਏ ਕਰੋੜਾਂ ਰੁਪਏ ਡੁੱਬਣ ਤੋਂ ਪ੍ਰੇਸ਼ਾਨ ਹੋ ਕੇ ਪੰਜਾਬ ਪੁਲੀਸ ਦੇ ਸੇਵਾਮੁਕਤ ਆਈ ਜੀ ਅਮਰ ਸਿੰਘ ਚਾਹਲ (67) ਨੇ ਅੱਜ ਇੱਥੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਪਣੇ ਸੁਰੱਖਿਆ ਮੁਲਾਜ਼ਮ ਦੀ ਏ ਕੇ 47 ਰਾਈਫਲ ਨਾਲ ਆਪਣੀ ਛਾਤੀ ’ਚ ਗੋਲੀ ਮਾਰ ਲਈ। ਇਹ ਗੋਲ਼ੀ ਉਨ੍ਹਾਂ ਦੇ ਦਿਲ ਦੇ ਕੋਲੋਂ ਲੰਘ ਜਾਣ ਕਰ ਕੇ ਉਹ ਬਚ ਗਏ ਤੇ ਇੱਥੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਉਨ੍ਹਾਂ ਦਾ ਅਪਰੇਸ਼ਨ ਹੋ ਚੁੱਕਾ ਹੈ, ਹਾਲੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕੋਲੋਂ ਪੁਲੀਸ ਨੂੰ ਅੰਗਰੇਜ਼ੀ ’ਚ ਲਿਖਿਆ 12 ਸਫ਼ਿਆਂ ਦਾ ਖ਼ੁਦਕੁਸ਼ੀ ਪੱਤਰ ਮਿਲਿਆ ਹੈ।

Advertisement

ਜ਼ਿਕਰਯੋਗ ਹੈ ਕਿ 2019 ਵਿੱਚ ਸੇਵਾਮੁਕਤ ਹੋਏ ਅਮਰ ਸਿੰਘ ਚਾਹਲ ਇੱਥੇ ਅਰਬਨ ਅਸਟੇਟ ਇਲਾਕੇ ’ਚ ਪਰਿਵਾਰ ਸਣੇ ਰਹਿੰਦੇ ਹਨ। ਉਨ੍ਹਾਂ ਅੱਜ ਦੁਪਹਿਰੇ ਕਰੀਬ ਡੇਢ ਵਜੇ ਘਰ ਦੇ ਵਿਹੜੇ ’ਚ ਆ ਕੇ ਆਪਣੇ ਸੁਰੱਖਿਆ ਮੁਲਾਜ਼ਮ ਦੀ ਰਾਈਫਲ ਨਾਲ ਛਾਤੀ ’ਚ ਗੋਲੀ ਮਾਰ ਲਈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਨਾ ਲੱਗਿਆ। ਸ੍ਰੀ ਚਾਹਲ ਦੇ ਇੱਕ ਦੋਸਤ ਨੇ ਇਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਕਿਉਂਕਿ ਗੋਲੀ ਮਾਰਨ ਤੋਂ ਪਹਿਲਾਂ ਉਨ੍ਹਾਂ ਉਸ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਸੀ। ਥਾਣਾ ਅਰਬਨ ਅਸਟੇਟ ਦੇ ਐੱਸ ਐੱਚ ਓ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਟੀਮ ਸਣੇ ਉਨ੍ਹਾਂ ਦੇ ਘਰ ਪਹੁੰਚੇ ਤਾਂ ਸ੍ਰੀ ਚਾਹਲ ਜ਼ਖ਼ਮੀ ਹਾਲਤ ’ਚ ਤੜਫ ਰਹੇ ਸਨ। ਪੁਲੀਸ ਨੇ ਉਨ੍ਹਾਂ ਨੂੰ ਪਾਰਕ ਹਸਪਤਾਲ ’ਚ ਦਾਖ਼ਲ ਕਰਵਾਇਆ।

Advertisement

ਸ੍ਰੀ ਚਾਹਲ ਨੇ ਖ਼ੁਦਕੁਸ਼ੀ ਪੱਤਰ ’ਚ ਸਪਸ਼ਟ ਕੀਤਾ ਹੈ ਕਿ ਉਨ੍ਹਾਂ 8.10 ਕਰੋੜ ਦੀ ਠੱਗੀ ਵੱਜਣ ਕਾਰਨ ਖ਼ੁਦ ਨੂੰ ਗੋਲ਼ੀ ਮਾਰੀ ਹੈ। ਇਸ ਵਿੱਚੋਂ ਕਰੀਬ ਸੱਤ ਕਰੋੜ ਰੁਪਏ ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ਼ੋਂ ਫੜ ਕੇ ਲਾਏ ਸਨ ਤੇ ਬਾਕੀ ਰਕਮ ਉਸ ਦੀ ਆਪਣੀ ਸੀ। ਇਸ ਪੱਤਰ ’ਚ ਉਨ੍ਹਾਂ ਠੱਗੀ ਲਈ ਜ਼ਿੰਮੇਵਾਰ ਦੋ ਜਣਿਆਂ ਸਣੇ ਸਬੰਧਤ ਕੰਪਨੀ ਦਾ ਨਾਮ ਵੀ ਲਿਖਿਆ ਹੈ।

ਇਸੇ ਪੱਤਰ ’ਚ ਉਨ੍ਹਾਂ ਡੀ ਜੀ ਪੀ ਗੌਰਵ ਯਾਦਵ ਨੂੰ ਇਸ ਮਾਮਲੇ ’ਚ ਮਾਹਿਰ ਪੁਲੀਸ ਅਫ਼ਸਰਾਂ ਦੀ ਸਿਟ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸੁਝਾਅ ਵਜੋਂ ਲਿਖਿਆ ਹੈ ਕਿ ਜੇ ਲੋੜ ਸਮਝਣ ਤਾਂ ਇਸ ਸਬੰਧੀ ਸੀ ਬੀ ਆਈ ਤੋਂ ਵੀ ਜਾਂਚ ਕਰਵਾਈ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਵਿਅਕਤੀਆਂ ਨੇ ਕਈਆਂ ਨਾਲ ਠੱਗੀ ਮਾਰੀ ਹੈ। ਉਨ੍ਹਾਂ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ। ਹਸਪਤਾਲ ਪੁੱਜੇ ਐੱਸ ਪੀ ਸਿਟੀ ਪਲਵਿੰਦਰ ਚੀਮਾ ਨੇ ਸ੍ਰੀ ਚਾਹਲ ਵੱਲੋਂ ਖ਼ੁਦ ਨੂੰ ਗੋਲ਼ੀ ਮਾਰਨ ਤੇ ਖ਼ੁਦਕੁਸ਼ੀ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ।

Advertisement
×