ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਸੋਭਾ ਸਿੰਘ ਦੇ ਸ਼ਾਗਿਰਦ ਅਤੇ ਨਾਮਵਰ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਬਟਾਲਾ (ਨੇੜੇ ਕਾਦੀਆਂ ਵਾਲੀ ਚੁੰਗੀ) ਸ਼ਮਸ਼ਾਨਘਾਟ ਵਿੱਚ ਹੋਵੇਗਾ। ਹਰਭਜਨ ਬਾਜਵਾ ਨੇ ਸੋਭਾ ਸਿੰਘ ਆਰਟਿਸਟ ਕੋਲੋਂ ਅੰਦਰੇਟਾ ਜਾ ਕੇ ਚਿੱਤਰਕਾਰੀ ਸਿੱਖੀ ਅਤੇ ਫੋਟੋਗ੍ਰਾਫੀ ਵਿੱਚ ਵਿਲੱਖਣ ਪੈੜਾਂ ਪਾਈਆਂ। ਬਾਜਵਾ ਨੇ ਆਪਣੀਆਂ ਖਿੱਚੀਆਂ ਤਸਵੀਰਾਂ, ਸਲਾਈਡਾਂ ਤੇ ਹੋਰ ਇਤਿਹਾਸਕ ਤਸਵੀਰਾਂ ਪੰਜਾਬੀ ਸੱਥ ਲਾਂਬੜਾ ਨੂੰ ਭੇਟ ਕਰ ਦਿੱਤੀਆਂ ਸਨ ਜਦਕਿ ਆਪਣੀ ਲਾਇਬ੍ਰੇਰੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ) ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਨੇ ਵੱਖ-ਵੱਖ ਅਖ਼ਬਾਰਾਂ ਤੇ ਮੈਗਜ਼ੀਨਾਂ ਲਈ ਵੀ ਕੰਮ ਕੀਤਾ। ਉਹ ਪੰਜਾਬੀ ਵਿੱਚ ਕਵਿਤਾ ਵੀ ਲਿਖਦੇ ਸਨ। ਉਨ੍ਹਾਂ ਦੇ ਤਿੰਨ ਕਾਵਿ ਸੰਗ੍ਰਹਿ ਵੀ ਛਪ ਚੁੱਕੇ ਹਨ। ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀ ਸਿੰਘ, ਡਾ. ਰਵਿੰਦਰ, ਲੇਖਕ ਦੇਵਿੰਦਰ ਦੀਦਾਰ, ਡਾ. ਅਨੂਪ ਸਿੰਘ, ਡਾ. ਸਤਨਾਮ ਸਿੰਘ ਨਿੱਝਰ, ਜਸਵੰਤ ਹਾਂਸ, ਸ਼ਾਇਰਾ ਸਿਮਰਨ ਸੂਮੈਰਾ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਪੱਡਾ ਅਤੇ ਹੋਰਾਂ ਨੇ ਬਾਜਵਾ ਦੀ ਮੌਤ ’ਤੇ ਦੁੱਖ ਜਤਾਇਆ ਹੈ।
ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਪ੍ਰਗਟ
ਅੰਮ੍ਰਿਤਸਰ/ ਜਲੰਧਰ: ਕਵੀ ਤੇ ਫੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਕਲਾ ਨਾਲ ਰਿਸ਼ਤਾ ਬਹੁਪੱਖੀ ਸੀ। ਉਨ੍ਹਾਂ ਕਿਹਾ ਕਿ ਬਾਜਵਾ ਦੀਆਂ ਕਾਵਿ-ਕਿਰਤਾਂ ਵਿੱਚ ‘ਸੁੱਕੇ ਕੱਖਾਂ ਥੱਲੇ ਅੱਗ’, ‘ਮੌਤ ਇੱਕ ਆਸ ਦੀ’ ਅਤੇ ‘ਤਰੇਲ ਦੀ ਇੱਕ ਬੂੰਦ’ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਸਭਾ ਨੇ ਹਰਭਜਨ ਸਿੰਘ ਬਾਜਵਾ ਦੇ ਪਰਿਵਾਰ, ਸਨੇਹੀਆਂ ਅਤੇ ਸਾਹਿਤਕ ਸਾਥੀਆਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸੇ ਤਰ੍ਹਾਂ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਵੀ ਬਾਜਵਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। -ਪੱਤਰ ਪ੍ਰੇਰਕ

