ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 27 ਅਕਤੂਬਰ
ਬੰਦੀ ਛੋੜ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗਵਾਲੀਅਰ ਤੋਂ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਇਆ ਹੈ। ਇਹ ਨਗਰ ਕੀਰਤਨ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਜਹਾਂਗੀਰ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਉਣ ਦੇ ‘ਬੰਦੀ ਛੋੜ ਦਿਵਸ’ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੈ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆ ਦੱਸਿਆ ਕਿ ਨਗਰ ਕੀਰਤਨ 3 ਨਵੰਬਰ ਨੂੰ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ, ਕਾਰਾਂ, ਗੱਡੀਆਂ ਟਰੱਕ ਆਦਿ ਰਾਹੀਂ ਸੰਗਤ ਵੱਡੀ ਗਿਣਤੀ ’ਚ ਨਗਰ ਕੀਰਤਨ ਦੇ ਨਾਲ ਹਾਜ਼ਰੀ ਭਰ ਰਹੀ ਹੈ। ਗਵਾਲੀਅਰ ਸ਼ਹਿਰ ਦੀ ਸੰਗਤ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵੱਖ-ਵੱਖ ਪੜਾਵਾਂ ’ਤੇ ਠਹਿਰਾਓ ਕਰਦਿਆਂ ਮੁਰੈਨਾ, ਧੌਲਪੁਰ ਆਦਿ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਲਈ ਰਵਾਨਾ ਹੋਇਆ ਹੈ। ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਤੋਂ ਪਹਿਲਾਂ ਇਹ ਨਗਰ ਕੀਰਤਨ ਰਸਤੇ ਵਿੱਚ ਵੱਖ-ਵੱਖ ਪੜਾਵਾਂ ’ਤੇ ਠਹਿਰੇਗਾ।