ਕੁਆਰਨਟੀਨ ਵੇਲੇ ਡਾਕਟਰਾਂ ਵੱਲੋਂ ਮੁਆਇਨਾ ਨਾ ਕੀਤੇ ਜਾਣ ਦਾ ਕਾਰਨ

ਕੁਆਰਨਟੀਨ ਵੇਲੇ ਡਾਕਟਰਾਂ ਵੱਲੋਂ ਮੁਆਇਨਾ ਨਾ ਕੀਤੇ ਜਾਣ ਦਾ ਕਾਰਨ

ਡਾ. ਪਿਆਰੇ ਲਾਲ ਗਰਗ

ਕੁਆਰਨਟੀਨ (ਅਜ਼ਮਾਇਸ਼) ਬਾਰੇ ਪੂਰੀ ਜਾਣਕਾਰੀ ਨਾ ਦਿੱਤੇ ਜਾਣ ਕਾਰਨ ਅਫ਼ਵਾਹਾਂ ਦਾ ਬਾਜ਼ਾਰ ਗਰਮ ਕਰਨ ਵਾਲਿਆਂ ਦੇ ਮਨਸੂਬੇ ਸਫ਼ਲ ਹੋ ਜਾਂਦੇ ਹਨ। ਲੋਕ ਹਰ ਗੱਲ ਸਰਕਾਰ ’ਤੇ ਪਾ ਕੇ ਆਪਣਾ ਪੱਲਾ ਝਾੜ ਦਿੰਦੇ ਹਨ। ਦਰਅਸਲ ਕੁਆਰਨਟੀਨ (ਅਜ਼ਮਾਇਸ਼) ਵਿੱਚ ਉਨ੍ਹਾਂ ਨੂੰ ਰੱਖਿਆ ਜਾਂਦਾ ਹੈ, ਜਿਹੜੇ ਸਿਰਫ ਸ਼ੱਕੀ ਹੋਣ ਜਾਂ ਜਿਹੜੇ ਕਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਹੋਣ।

ਕੁਆਰਨਟੀਨ ਵਿੱਚ ਰੱਖਣ ਵਾਲੇ ਨਾ ਤਾਂ ਕਰੋਨਾ ਪਾਜ਼ੇਟਿਵ ਹੁੰਦੇ ਹਨ ਤੇ ਨਾ ਹੀ ਉਨ੍ਹਾਂ ਵਿੱਚ ਕਰੋਨਾ ਦਾ ਕੋਈ ਲੱਛਣ ਪਾਇਆ ਗਿਆ ਹੁੰਦਾ ਹੈ। ਉਹ ਉਸ ਇਲਾਕੇ ’ਚੋਂ ਆਏ ਹੁੰਦੇ ਹਨ, ਜਿੱਥੇ ਕਰੋਨਾ ਬਹੁਤ ਜ਼ਿਆਦਾ ਫੈਲਿਆ ਹੋਵੇ। ਉਨ੍ਹਾਂ ਨੂੰ 14 ਦਿਨ ਲਈ ਕੁਆਰਨਟੀਨ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਕਿਸੇ ਇਲਾਜ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਨੇ ਆਮ ਭੋਜਨ ਖਾਣਾ ਹੁੰਦਾ ਹੈ। ਸਿਰਫ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਜੇ ਉਨ੍ਹਾਂ ਵਿੱਚ ਕਰੋਨਾ ਦੇ ਲੱਛਣ ਪ੍ਰਗਟ ਹੋਣ ਤਾਂ ਉਨ੍ਹਾਂ ਨੂੰ ਤੁਰੰਤ ਆਈਸੋਲੇਟ ਕੀਤਾ ਜਾ ਸਕੇ ਤੇ ਕਰੋਨਾ ਟੈਸਟ ਕੀਤਾ ਜਾਵੇ। ਉਨ੍ਹਾਂ ਨੂੰ ਇਕਾਂਤਵਾਸ ਵਿੱਚ ਓਨਾ ਸਮਾਂ ਹੀ ਰੱਖਿਆ ਜਾਵੇ, ਜਿੰਨਾ ਸਮਾਂ ਉਨ੍ਹਾਂ ਵਿੱਚ ਕਰੋਨਾ ਦੇ ਲੱਛਣ ਖ਼ਤਮ ਨਹੀਂ ਹੁੰਦੇ। ਸਪੱਸ਼ਟ ਹੈ ਕਿ ਕੁਆਰਨਟੀਨ ਵਿੱਚ ਕਿਸੇ ਡਾਕਟਰ, ਕਿਸੇ ਇਲਾਜ ਤੇ ਕਿਸੇ ਦਵਾਈ ਦੀ ਲੋੜ ਨਹੀਂ ਹੁੰਦੀ। ਕੁਆਰਨਟੀਨ ਦਾ ਸਮਾਂ ਲਗਪਗ 14 ਦਿਨ ਹੁੰਦਾ ਹੈ। ਜੇ ਕੋਈ ਕਰੋਨਾ ਪਾਜ਼ੇਟਿਵ ਦੇ ਸੰਪਰਕ ਵਿੱਚ ਆਇਆ ਹੋਵੇ ਤਾਂ ਉਸ ਵਿੱਚ 14 ਦਿਨਾਂ ਦੇ ਅੰਦਰ ਰੋਗ ਦੇ ਲੱਛਣ ਪੈਦਾ ਹੋ ਜਾਂਦੇ ਹਨ। ਇਨ੍ਹਾਂ 14 ਦਿਨਾਂ ਮਗਰੋਂ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਜਾਂਦਾ ਹੈ। ਕਾਨੂੰਨੀ ਰੂਪ ਵਿੱਚ ਕੁਆਰਨਟੀਨ ਕੀਤੇ ਲੋਕ ਡਾਕਟਰੀ ਅਮਲੇ ਦੇ ਨਹੀਂ ਸਗੋਂ ਪ੍ਰਸ਼ਾਸਨਿਕ ਅਤੇ ਪੁਲੀਸ ਅਮਲੇ ਅਧੀਨ ਹੁੰਦੇ ਹਨ। ਘਾਟਾਂ ਇਹ ਵੀ ਰਹੀਆਂ ਕਿ ਸਕੂਲਾਂ ਆਦਿ ਵਿੱਚ ਜਿੱਥੇ ਕੁਆਰਨਟੀਨ ਕੀਤਾ ਗਿਆ, ਉਥੇ ਨਹਾਉਣ ਅਤੇ ਪਖਾਨਿਆਂ ਆਦਿ ਦਾ ਲੋੜੀਂਦਾ ਪ੍ਰਬੰਧ ਨਹੀਂ ਕੀਤਾ ਗਿਆ। ਦਿੱਲੀ ਹਵਾਈ ਅੱਡੇ ’ਤੇ ਕੁਆਰਨਟੀਨ ਕੀਤੇ ਜਾਣ ਵਾਲਿਆਂ ਨੂੰ ਤਾਂ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਉਹ ਕਿੱਥੇ ਹਨ ਤੇ ਉਨ੍ਹਾਂ ਨੂੰ ਕਦੋਂ ਛੱਡਿਆ ਜਾਵੇਗਾ। ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਨ੍ਹਾਂ ਨੂੰ ਲੈਣ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਉਣਗੇ ਜਾਂ ਪ੍ਰਸ਼ਾਸਨ ਵੱਲੋਂ ਕੋਈ ਵਾਹਨ ਭੇਜਿਆ ਜਾਵੇਗਾ।

ਰਸਤੇ ਵਿੱਚ ਰੋਕ-ਟੋਕ ਤੋਂ ਬਚਣ ਬਾਰੇ ਵੀ ਉਨ੍ਹਾਂ ਕੋਲ ਕਈ ਜਾਣਕਾਰੀ ਨਹੀਂ ਸੀ। ਭਾਰਤੀ ਸਰਕਾਰ ਵੱਲੋਂ ਇਸ ਸਬੰਧੀ ਜਾਗਰੂਕ ਨਹੀਂ ਕੀਤਾ ਗਿਆ। ਭਾਰਤ ਸਰਕਾਰ ਦੇ ਹੁਕਮ ਸਨ ਕਿ ਬਾਹਰੋਂ ਆਉਣ ਵਾਲਿਆਂ ਨੂੰ ਹੋਟਲਾਂ ਵਿੱਚ ਆਪਣੇ ਖ਼ਰਚੇ ’ਤੇ ਕੁਆਰਨਟੀਨ ਹੋਣਾ ਪਵੇਗਾ। ਕੁਆਰਨਟੀਨ ਦੇ ਨਿਯਮ ਅਤੇ ਸਮਾਂ ਵੀ ਭਾਰਤ ਸਰਕਾਰ ਸਮੇਂ-ਸਮੇਂ ’ਤੇ ਬਦਲਦੀ ਰਹੀ। ਸੂਬਾ ਸਰਕਾਰਾਂ ਨੇ ਤਾਂ ਉਨ੍ਹਾਂ ਦੇ ਹੁਕਮ ਹੀ ਵਜਾਏ ਹਨ। ਹਾਂ, ਪੰਜਾਬ ਸਰਕਾਰ ਦਾ ਤਾਂ ਇਹ ਕਸੂਰ ਹੈ ਕਿ ਕੁਆਰਨਟੀਨ ਦੌਰਾਨ ਪਾਣੀ ਦੀ ਬੋਤਲ, ਜਿਸ ਉਪਰ ਉਸ ਦੀ ਕੀਮਤ 20 ਰੁਪਏ ਲਿਖੀ ਹੈ, ਦੀ ਕੀਮਤ ਹੋਟਲ ਵਾਲੇ 62 ਰੁਪਏ (16 ਬੋਤਲਾਂ ਦਾ ਬਿੱਲ 986/-) ਲਗਾਉਂਦੇ ਰਹੇ।

ਇਸ ਲਈ ਪੂਰਾ ਵਿਸਥਾਰ ਦੱਸ ਕੇ ਹਦਾਇਤਾਂ ਦਾ ਪਾਲਣ ਯਕੀਨੀ ਬਣਾ ਕੇ ਘਰਾਂ ਵਿੱਚ ਹੀ ਕੁਆਰਨਟੀਨ ਕੀਤਾ ਜਾ ਸਕਦਾ ਹੈ। ਪਰ ਕਰੋਨਾ ਤੋਂ ਡਰੇ ਹੋਏ ਪਰਿਵਾਰ ਜਿੱਥੇ ਅਫਵਾਹਾਂ ਦਾ ਸ਼ਿਕਾਰ ਹੋ ਰਹੇ ਸਨ, ਉਥੇ ਹੀ ਉਹ ਆਪਣੇ ਪਰਿਵਾਰ ਦੇ ਜੀਆਂ ਦੇ ਨੇੜੇ ਆਉਣ ਅਤੇ ਉਨ੍ਹਾਂ ਨੂੰ ਸਾਂਭਣ ਤੋਂ ਵੀ ਡਰੇ ਹੋਏ ਸਨ। ਕਈਆਂ ਦੇ ਤਾਂ ਬੱਚੇ ਹੀ ਕਹਿ ਰਹੇ ਸਨ ਕਿ ਘਰ ਨਾ ਆਉਣਾ। ਅਜਿਹੇ ਵਿੱਚ ਥੋੜੀ ਬਹੁਤ ਸੰਭਾਲ ਸਰਕਾਰ ਨੇ ਹੀ ਕੀਤੀ ਹੈ।

ਸੰਪਰਕ: 99145-05009

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All