DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ravneet Bittu ਪੰਜਾਬ ’ਚ ਚੋਣ ਲੜਨ ਦੇ ਇੱਛੁਕ

ਜੂਨ ਵਿੱਚ ਖ਼ਤਮ ਹੋ ਰਿਹੈ ਰਾਜ ਸਭਾ ਦਾ ਕਾਰਜਕਾਲ; ਪੰਜਾਬ ਭਾਜਪਾ ਪ੍ਰਧਾਨ ਦੇ ਤਾਜਪੋਸ਼ੀ ਸਮਾਗਮ ਦੌਰਾਨ ਬਿੱਟੂ ਨੇ ਪੱਤੇ ਖੋਲ੍ਹੇ

  • fb
  • twitter
  • whatsapp
  • whatsapp
Advertisement

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਜੂਨ 2026 ਵਿੱਚ ਪੂਰਾ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੁੜ ਉੱਚ ਸਦਨ ਵਿੱਚ ਭੇਜਣ ਜਾਂ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਬਾਰੇ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਸੂਤਰਾਂ ਅਨੁਸਾਰ ਕੇਂਦਰੀ ਲੀਡਰਸ਼ਿਪ ਰਵਨੀਤ ਬਿੱਟੂ ਦੀ ਥਾਂ ਕਿਸੇ ਹੋਰ ਆਗੂ ਨੂੰ ਰਾਜ ਸਭਾ ਵਿੱਚ ਨੁਮਾਇੰਦਗੀ ਦੇਣ ਬਾਰੇ ਵਿਚਾਰ ਕਰ ਰਹੀ ਹੈ।

ਦੂਜੇ ਪਾਸੇ ਕੇਂਦਰੀ ਮੰਤਰੀ ਨੇ ਪੰਜਾਬ ਵਿੱਚ ਰਹਿ ਕੇ ਸੇਵਾ ਕਰਨ ਅਤੇ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ। ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਤਾਜਪੋਸ਼ੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਤੌਰ ਕੇਂਦਰੀ ਮੰਤਰੀ ਉਨ੍ਹਾਂ ਨੇ ਪੰਜਾਬ ਲਈ ਕਈ ਵੱਡੇ ਰੇਲ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿਵਾਈ ਹੈ ਅਤੇ ਭਵਿੱਖ ਵਿੱਚ ਵੀ ਉਹ ਸੂਬੇ ਦੇ ਵਿਕਾਸ ਲਈ ਕਾਰਜਸ਼ੀਲ ਰਹਿਣਗੇ।

Advertisement

ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਪਿਛਲੇ 17 ਸਾਲਾਂ ਤੋਂ ਦਿੱਲੀ ਵਿੱਚ ਰਹਿ ਰਹੇ ਸਨ, ਪਰ ਹੁਣ ਉਨ੍ਹਾਂ ਨੇ ਪੰਜਾਬ ਵਿੱਚ ਟਿਕ ਕੇ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਉਨ੍ਹਾਂ ਨੇ ਆਪਣੇ ਅਟੈਚੀ ਬੰਦ ਕਰ ਲਏ ਹਨ ਅਤੇ ਹੁਣ ਉਹ ਪੂਰਾ ਸਮਾਂ ਪੰਜਾਬ ’ਤੇ ਕੇਂਦਰਿਤ ਕਰਨਗੇ।

Advertisement

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਲਈ ਭਾਜਪਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਟੀਚੇ ਲਈ ਉਹ ਪੰਜਾਬ ਦੇ ਲੋਕਾਂ ਤੱਕ ਪਹੁੰਚ ਕਰ ਕੇ ਕੇਂਦਰ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਣਗੇ ਅਤੇ ਸਾਲ 2027 ਦੀਆਂ ਚੋਣਾਂ ਵਿੱਚ ਭਾਜਪਾ ਲਈ ਫਤਵਾ ਮੰਗਣਗੇ।

ਰਵਨੀਤ ਸਿੰਘ ਬਿੱਟੂ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਹਨ, ਜਿਨ੍ਹਾਂ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ ਯੂਥ ਕਾਂਗਰਸ ਤੋਂ ਕੀਤੀ ਸੀ। ਸਾਲ 2009 ਵਿੱਚ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਪਹਿਲੀ ਲੋਕ ਸਭਾ ਚੋਣ ਜਿੱਤੀ। ਇਸ ਮਗਰੋਂ ਸਾਲ 2014 ਅਤੇ 2019 ਵਿੱਚ ਉਹ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਏ। 2024 ਦੀਆਂ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਲੁਧਿਆਣਾ ਹਲਕੇ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੱਥੋਂ ਹਾਰ ਮਿਲਣ ਦੇ ਬਾਵਜੂਦ ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਭੇਜ ਕੇ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦਿੱਤਾ।

ਬਿੱਟੂ ਮੰਤਰੀ ਦੀ ਕੁਰਸੀ ਤੇ ਰਾਜ ਸਭਾ ਸੀਟ ਦੋਵੇਂ ਗੁਆ ਦੇਣਗੇ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਜਲਦੀ ਹੀ ਆਪਣੀ ਰਾਜ ਸਭਾ ਦੀ ਸੀਟ ਅਤੇ ਮੰਤਰੀ ਦੀ ਕੁਰਸੀ ਦੋਵੇਂ ਗੁਆ ਦੇਣਗੇ। ਉਨ੍ਹਾਂ ਚੁਣੌਤੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਬਿੱਟੂ ਪੰਜਾਬ ਵਿੱਚ ਚੋਣ ਲੜ ਕੇ ਦੇਖ ਲੈਣ, ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਸੂਬੇ ਦੇ ਲੋਕ ਉਨ੍ਹਾਂ ਨੂੰ ਕਿੰਨਾ ਪਸੰਦ ਕਰਦੇ ਹਨ। ਕਿਸੇ ਵੇਲੇ ਭਗਵੰਤ ਮਾਨ ਅਤੇ ਰਵਨੀਤ ਸਿੰਘ ਬਿੱਟੂ ਚੰਗੇ ਦੋਸਤ ਮੰਨੇ ਜਾਂਦੇ ਸਨ। ਪਰ ਪਿਛਲੇ ਮਹੀਨੇ 26 ਮਈ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਦੋਵਾਂ ਆਗੂਆਂ ਦੇ ਰਿਸ਼ਤਿਆਂ ਵਿੱਚ ਤਲਖ਼ੀ ਆ ਗਈ। ਧੁੂਰੀ ਵਿੱਚ ਭਾਜਪਾ ਆਗੂ ਓਂਕਾਰ ਸਿੰਘ, ਜੋ ਪਹਿਲਾਂ ਮੁੱਖ ਮੰਤਰੀ ਦੇ ਓ ਐੱਸ ਡੀ ਰਹਿ ਚੁੱਕੇ ਹਨ, ਨੂੰ ਪੁਲੀਸ ਹਿਰਾਸਤ ’ਚੋਂ ਛੁਡਾਉਣ ਲਈ ਰਵਨੀਤ ਬਿੱਟੂ ਦੀ ਪੁਲੀਸ ਪ੍ਰਸ਼ਾਸਨ ਨਾਲ ਤਿੱਖੀ ਬਹਿਸ ਹੋਈ ਸੀ। ਇਸ ਘਟਨਾ ਤੋਂ ਬਾਅਦ ਦੋਹਾਂ ਆਗੂਆਂ ਵਿਚਾਲੇ ਸਿਆਸੀ ਮਤਭੇਦ ਅਤੇ ਦੂਰੀਆਂ ਲਗਾਤਾਰ ਵਧਦੀਆਂ ਦਿਖਾਈ ਦੇ ਰਹੀਆਂ ਹਨ।

Advertisement
×