ਜਬਰ ਜਨਾਹ ਕੇਸ: ਆਨੰਦਪੁਰ ਸਾਹਿਬ ਦੀ ਪੁਲੀਸ ਵੱਲੋਂ ਅਮਰਜੀਤ ਸਿੰਘ ਚਾਵਲਾ ਦੇ ਘਰ 'ਤੇ ਛਾਪਾ
Amarjit Chawla case: ਇੱਕ ਸੀਨੀਅਰ ਪੁਲੀਸ ਅਧਿਕਾਰੀ ਦੀ ਅਗਵਾਈ ਹੇਠ ਮਹਿਲਾ ਪੁਲੀਸ ਕਰਮਚਾਰੀਆਂ ਸਮੇਤ ਲਗਪਗ 15 ਪੁਲੀਸ ਮੁਲਾਜ਼ਮ ਸ਼ਾਮਲ
ਜਬਰ-ਜਨਾਹ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਸਵੇਰੇ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਦੀ ਇੱਕ ਵਿਸ਼ੇਸ਼ ਟੀਮ ਨੇ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਅਚਾਨਕ ਹੋਈ ਇਸ ਕਾਰਵਾਈ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ।
ਸਵੇਰੇ ਕਰੀਬ ਸਾਢੇ ਅੱਠ ਵਜੇ ਤਿੰਨ ਗੱਡੀਆਂ ਵਿੱਚ ਪੁੱਜੀ 10 ਤੋਂ 15 ਪੁਲੀਸ ਮੁਲਾਜ਼ਮਾਂ ਦੀ ਟੀਮ ਨੇ ਚਾਵਲਾ ਦੀ ਵੀਆਈਪੀ ਲੇਨ ਸਥਿਤ ਕੋਠੀ ਨੂੰ ਘੇਰ ਲਿਆ। ਛਾਪੇਮਾਰੀ ਦੌਰਾਨ ਅਮਰਜੀਤ ਸਿੰਘ ਚਾਵਲਾ ਘਰ ਮੌਜੂਦ ਨਹੀਂ ਸਨ। ਘਰ ਵਿੱਚ ਸਿਰਫ਼ ਔਰਤਾਂ ਹੋਣ ਕਾਰਨ ਪੁਲੀਸ ਟੀਮ ਵਿੱਚ ਸ਼ਾਮਲ ਮਹਿਲਾ ਮੁਲਾਜ਼ਮਾਂ ਨੇ ਚਾਵਲਾ ਦੀ ਪਤਨੀ ਤੋਂ ਲੰਮਾ ਸਮਾਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਅਤੇ ਪੂਰੇ ਘਰ ਦੀ ਤਲਾਸ਼ੀ ਲਈ।
ਜ਼ਿਕਰਯੋਗ ਹੈ ਕਿ ਬਹਿਰੀਨ ਤੋਂ ਆਈ ਸ਼ਰਧਾਲੂ ਮਹਿਲਾ ਨੇ ਚਾਵਲਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਮਾਲਵਾ ਖੇਤਰ ਨਾਲ ਸਬੰਧਤ ਹੈ ਅਤੇ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਬਹਿਰੀਨ ਵਿੱਚ ਰਹਿ ਰਹੀ ਹੈ। ਉਹ ਧਾਰਮਿਕ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਆਈ ਸੀ, ਜਿੱਥੇ ਮੁਲਜ਼ਮ ਨੇ ਉਸ ਨਾਲ ਜਬਰ-ਜਨਾਹ ਕੀਤਾ। ਦਰਜ ਸ਼ਿਕਾਇਤ ਮੁਤਾਬਕ, ਇਸੇ ਸਾਲ 27 ਫਰਵਰੀ ਤੋਂ 19 ਅਗਸਤ ਦਰਮਿਆਨ ਮੁਲਜ਼ਮ ਨੇ ਉਸ ਨੂੰ ਵੱਖ-ਵੱਖ ਸਰਾਂਵਾਂ ਤੇ ਕਮਰਿਆਂ ਵਿੱਚ ਜ਼ਬਰਦਸਤੀ ਬੰਦੀ ਬਣਾ ਕੇ ਰੱਖਿਆ ਅਤੇ ਵਾਰ-ਵਾਰ ਸਰੀਰਕ ਸ਼ੋਸ਼ਣ ਕੀਤਾ।
ਵਿਰੋਧ ਕਰਨ ਅਤੇ ਡਰਾਉਣ-ਧਮਕਾਉਣ ਤੋਂ ਦੁਖੀ ਹੋ ਕੇ ਪੀੜਤਾ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਇੱਕ ਸੇਵਾਦਾਰ ਦੀ ਚੌਕਸੀ ਕਾਰਨ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਬਚਾ ਲਿਆ ਗਿਆ। ਪੀੜਤਾ ਦਾ ਕਹਿਣਾ ਹੈ ਕਿ ਪੁਲੀਸ ਕੋਲ ਜਾਣ ਤੋਂ ਪਹਿਲਾਂ ਉਸ ਨੇ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੇਤ ਕਈ ਧਾਰਮਿਕ ਸ਼ਖ਼ਸੀਅਤਾਂ ਕੋਲ ਇਨਸਾਫ਼ ਦੀ ਗੁਹਾਰ ਲਗਾਈ ਸੀ, ਪਰ ਕੋਈ ਸੁਣਵਾਈ ਨਾ ਹੋਣ ਮਗਰੋਂ ਉਸ ਨੂੰ ਪੁਲੀਸ ਕੋਲ ਪਹੁੰਚ ਕਰਨੀ ਪਈ।

