ਜਸਵੰਤ ਜੱਸ
ਫ਼ਰੀਦਕੋਟ, 10 ਅਗਸਤ
ਫ਼ਰੀਦਕੋਟ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲੀਸ ਕੋਲੋਂ ਹਾਸਲ ਕਰਕੇ ਅੱਜ ਉਸ ਨੂੰ ਇੱਥੇ ਇਲਾਕਾ ਮੈਜਿਸਟਰੇਟ ਅਜੈਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਕਥਿਤ ਜੁਲਾਈ 2021 ਵਿੱਚ ਕੋਟਕਪੂਰਾ ਦੇ ਇੱਕ ਕੱਪੜਾ ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਇਸ ਸਬੰਧੀ ਕੋਟਕਪੂਰਾ ਦੇ ਵਪਾਰੀ ਨੇ ਪੁਲੀਸ ਕੋਲ ਬਿਆਨ ਵੀ ਦਰਜ ਕਰਵਾਏ ਸਨ। ਪੁਲੀਸ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਖ਼ਿਲਾਫ਼ 19 ਜੁਲਾਈ ਨੂੰ ਆਈਪੀਸੀ ਦੀ ਧਾਰਾ 387, 506 ਅਤੇ 120-ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛ-ਪੜਤਾਲ ਕੀਤੀ ਜਾਣੀ ਬਾਕੀ ਹੈ।
ਜਾਣਕਾਰੀ ਅਨੁਸਾਰ ਪੁਲੀਸ ਨੇ ਅੱਜ ਅਦਾਲਤ ਵਿੱਚ ਪੇਸ਼ ਬਿਸ਼ਨੋਈ ਦਾ ਮੈਡੀਕਲ ਚੈੱਕਅਪ ਕਰਵਾਇਆ ਅਤੇ ਜ਼ਿਲ੍ਹਾ ਅਟਾਰਨੀ ਦਫ਼ਤਰ ਵਿੱਚ ਉਸ ਤੋਂ ਲੰਬੀ ਪੁੱਛ-ਪੜਤਾਲ ਕੀਤੀ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਰਾਜਪਾਲ ਸਿੰਘ ਨੇ ਕਿਹਾ ਕਿ ਪੁਲੀਸ ਦੀ ਵਿਸ਼ੇਸ਼ ਟੀਮ ਲਾਰੈਂਸ ਬਿਸ਼ਨੋਈ ਤੋਂ ਫਿਰੌਤੀ ਕੇਸ ਵਿੱਚ ਪੁੱਛ-ਪੜਤਾਲ ਕਰ ਰਹੀ ਹੈ। ਹਾਲਾਂਕਿ ਲਾਰੈਂਸ ਬਿਸ਼ਨੋਈ ਤੋਂ ਗੁਰਲਾਲ ਕਤਲ ਕਾਂਡ ਵਿੱਚ ਪੁਲੀਸ ਅਜੈ ਪੁੱਛ-ਪੜਤਾਲ ਨਹੀਂ ਕਰ ਰਹੀ ਕਿਉਂਕਿ ਇਸ ਮਾਮਲੇ ਦੀ ਪੜਤਾਲ ’ਤੇ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਡਿਪਟੀ ਮੇਅਰ ਦੇ ਭਰਾ ਅਤੇ ਭਤੀਜੇ ’ਤੇ ਫਾਇਰਿੰਗ ਮਾਮਲੇ ਵਿੱਚ ਮੋਗਾ ਪੁਲੀਸ ਨੇ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਛੇ ਦਿਨ ਦਾ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰ ਲਿਆ ਹੈ। ਇਸ ਤੋਂ ਪਹਿਲਾਂ ਮੋਗਾ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁੱਛ-ਪੜਤਾਲ ਲਈ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਸੀ। ਉਸ ਨੂੰ ਅੱਜ ਰਿਮਾਂਡ ਪੂਰਾ ਹੋਣ ’ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਥੋਂ ਫਰੀਦਕੋਟ ਪੁਲੀਸ ਲਾਰੈਂਸ ਬਿਸ਼ਨੋਈ ਦਾ ਵੱਖ-ਵੱਖ ਮਾਮਲਿਆਂ ਵਿੱਚ ਰਿਮਾਂਡ ਲੈਣ ਵਿੱਚ ਸਫ਼ਲ ਹੋਈ ਹੈ।
ਜਾਣਕਾਰੀ ਅਨੁਸਾਰ ਮੋਗਾ ਪੁਲੀਸ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਖ਼ਤ ਸੁਰੱਖਿਆ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਭਗਵਾਨਪੁਰੀਆ ਨੂੰ 16 ਅਗਸਤ ਤੱਕ ਟਰਾਂਜ਼ਿਟ ਰਿਮਾਂਡ ’ਤੇ ਲੈਣ ਉਪਰੰਤ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜੱਗੂ ਤੋਂ ਡਿਪਟੀ ਮੇਅਰ ਦੇ ਭਰਾ ਅਸ਼ੋਕ ਧਮੀਜਾ ਅਤੇ ਉਸ ਦੇ ਭਤੀਜੇ ‘ਤੇ ਕਾਤਲਾਨਾ ਹਮਲੇ ਆਦਿ ਬਾਰੇ ਪੁੱਛ-ਪੜਤਾਲ ਕੀਤੀ ਜਾਵੇਗੀ।