Rampura Library Closed: ਇਤਿਹਾਸਕ ਲਾਇਬ੍ਰੇਰੀ ਕੂੜੇ ਦੇ ਢੇਰ ਲੱਗਣ ਕਾਰਨ ਆਰਜ਼ੀ ਤੌਰ ’ਤੇ ਬੰਦ
Rampura Garbage Crisis: ਸਫਾਈ ਕਾਮਿਆਂ ਦੀ ਹੜਤਾਲ ਕਾਰਨ ਆਲੇ ਦੁਆਲੇ ਲੱਗੇ ਕੂੜੇ ਦੇ ਢੇਰ; 1939 ਵਿੱਚ ਸਥਾਪਤ ਲਾਇਬ੍ਰੇਰੀ ਪਹਿਲੀ ਵਾਰ ਹੋਈ ਬੰਦ
Punjab Library Crisis: ਰਾਮਪੁਰਾ ਫੂਲ ਦੀ ਇਤਿਹਾਸਕ ਪਬਲਿਕ ਲਾਇਬ੍ਰੇਰੀ ਆਲੇ ਦੁਆਲੇ ਕੂੜੇ ਦੇ ਢੇਰ ਲੱਗਣ ਕਾਰਨ ਬੰਦ ਕਰ ਦਿੱਤੀ ਗਈ ਹੈ। ਇਹ ਲਾਇਬ੍ਰੇਰੀ ਅੱਜ ਬਦਹਾਲੀ ਦੇ ਦੌਰ ਵਿੱਚੋਂ ਲੰਘ ਰਹੀ ਹੈ।
ਕਿਤਾਬਾਂ ਦੀ ਪਵਿੱਤਰ ਖੁਸ਼ਬੂ ਵਾਲੀ ਇਹ ਜਗ੍ਹਾ ਹੁਣ ਕੂੜੇ ਦੇ ਡੰਪ ਵਿੱਚ ਤਬਦੀਲ ਹੋ ਚੁੱਕੀ ਹੈ, ਜਿਸ ਕਾਰਨ ਪਾਠਕਾਂ ਦਾ ਇੱਥੇ ਆਉਣਾ ਦੁਭਰ ਹੋ ਗਿਆ ਹੈ। ਵਰਨਣਯੋਗ ਹੈ ਕਿ ਪੰਜਾਬ ਵਿੱਚ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਇਸ ਲਾਇਬ੍ਰੇਰੀ ਅੱਗੇ ਕੂੜੇ ਦਾ ਢੇਰ ਲੱਗ ਗਿਆ ਹੈ ਜਿਸ ਕਾਰਨ ਗਿਆਨ ਦਾ ਚਾਨਣ ਵੰਡਣ ਵਾਲੀ ਸੰਸਥਾ ਆਪ ਹਨੇਰੇ ਦਾ ਸ਼ਿਕਾਰ ਹੋ ਗਈ ਹੈ।
ਲਾਇਬਰੇਰੀ ਕਮੇਟੀ ਦੇ ਪ੍ਰਧਾਨ ਯੋਗੇਸ਼ ਸਿੰਗਲਾ ਨੇ ਦੱਸਿਆ ਕਿ ਇਹ ਲਾਇਬ੍ਰੇਰੀ ਸਾਲ 1939 ਵਿੱਚ ਸਥਾਪਿਤ ਕੀਤੀ ਗਈ ਸੀ ਆਪਣੇ ਲਗਪਗ 87 ਸਾਲਾਂ ਦੇ ਲੰਮੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਲਾਇਬ੍ਰੇਰੀ ਨੂੰ ਆਲੇ-ਦੁਆਲੇ ਫੈਲੀ ਗੰਦਗੀ ਅਤੇ ਅਸਹਿ ਬਦਬੂ ਕਾਰਨ ਆਰਜ਼ੀ ਤੌਰ 'ਤੇ ਬੰਦ ਕਰਨਾ ਪਿਆ ਹੋਵੇ।
ਲਾਇਬ੍ਰੇਰੀ ਦੇ ਬਿਲਕੁਲ ਨਜ਼ਦੀਕ ਸੁੱਟੇ ਜਾ ਰਹੇ ਸ਼ਹਿਰ ਦੇ ਕੂੜੇ ਕਾਰਨ ਇੱਥੇ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ। ਪਾਠਕਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਗਿਆਨ ਦੇ ਇਸ ਮੰਦਰ ਨੂੰ ਕੂੜਾ ਘਰ ਬਣਾ ਦੇਣਾ ਬੇਹੱਦ ਨਿੰਦਣਯੋਗ ਫੈਸਲਾ ਹੈ, ਸਮਾਜ ਲਈ ਇਸ ਤੋਂ ਮੰਦਭਾਗੀ ਗੱਲ ਹੋਰ ਨਹੀਂ ਹੋ ਸਕਦੀ।
ਪ੍ਰਧਾਨ ਯੋਗੇਸ਼ ਸਿੰਗਲਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇੱਥੋਂ ਕੂੜੇ ਦੇ ਡੰਪ ਨੂੰ ਜਲਦੀ ਤੋਂ ਜਲਦੀ ਕਿਸੇ ਦੂਜੀ ਜਗ੍ਹਾ ਤਬਦੀਲ ਕਰਕੇ ਲਾਇਬ੍ਰੇਰੀ ਨੂੰ ਦੁਬਾਰਾ ਸਾਫ਼-ਸੁਥਰੇ ਮਾਹੌਲ ਵਿੱਚ ਖੋਲ੍ਹਿਆ ਜਾਵੇ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਇਤਿਹਾਸਕ ਵਿਰਾਸਤ ਨੂੰ ਬਚਾਉਣ ਲਈ ਸਰਕਾਰ ਸਿਰਫ਼ ਦਾਅਵੇ ਨਾ ਕਰੇ, ਸਗੋਂ ਜ਼ਮੀਨੀ ਪੱਧਰ 'ਤੇ ਤੁਰੰਤ ਕਾਰਵਾਈ ਕਰਕੇ ਪਾਠਕਾਂ ਨੂੰ ਰਾਹਤ ਦੇਵੇ।
ਇਸ ਸਬੰਧ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੱਸਿਆ ਦਾ ਜਲਦੀ ਹੀ ਕੋਈ ਪੱਕਾ ਹੱਲ ਕੱਢਿਆ ਜਾਵੇਗਾ।
ਕੈਪਸਨ-ਰਾਮਪੁਰਾ ਫੂਲ ਦੀ ਪਬਲਿਕ ਲਾਇਬਰੇਰੀ ਅੱਗੇ ਲੱਗੇ ਕੂੜੇ ਦੇ ਢੇਰ ਵਿਖਾਉਂਦੇ ਹੋਏ ਯੋਗੇਸ਼ ਸਿੰਗਲਾ ਫੋਟੋ-ਰਮਨਦੀਪ ਸਿੰਘ

