ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਭਗਤ ਪੂਰਨ ਸਿੰਘ ਲਈ 'ਭਾਰਤ ਰਤਨ' ਦੀ ਕੀਤੀ ਮੰਗ
ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਮਰਨ ਉਪਰੰਤ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ ਜਾਵੇ।
ਸਾਹਨੀ ਨੇ ਪੱਤਰ ਵਿੱਚ ਕਿਹਾ, “ਭਗਤ ਪੂਰਨ ਸਿੰਘ ਜੀ ਇੱਕ ਮਹਾਨ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਸਨ। ਉਨ੍ਹਾਂ ਨੇ 1947 ਵਿੱਚ ਬਿਮਾਰ ਅਤੇ ਅਪਾਹਜ ਲੋਕਾਂ ਦੇ ਰਹਿਣ ਲਈ ਪਿੰਗਲਵਾੜਾ ਨਾਮ ਦੇ ਇੱਕ ਆਸਰਾ ਸਥਾਨ ਦੀ ਸਥਾਪਨਾ ਕੀਤੀ ਸੀ। ਭਗਤ ਪੂਰਨ ਸਿੰਘ ਦਾ ਕੋਈ ਸਥਾਈ ਘਰ ਨਹੀਂ ਸੀ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਗ਼ਰੀਬਾਂ, ਬੇਸਹਾਰਾ ਅਤੇ ਅਪਾਹਜਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਰੁੱਖ ਲਗਾਉਣ ਦੀਆਂ ਮੁਹਿੰਮਾਂ ਚਲਾ ਕੇ ਅਤੇ ਵਾਤਾਵਰਣ ਦੇ ਗੰਭੀਰ ਮੁੱਦਿਆਂ 'ਤੇ ਕਿਤਾਬਾਂ ਤੇ ਪੈਂਫਲੈਟ ਲਿਖ ਕੇ ਵਾਤਾਵਰਣ ਲਈ ਵੀ ਕੰਮ ਕੀਤਾ।”
ਸੰਸਦ ਮੈਂਬਰ ਨੇ ਯਾਦ ਕੀਤਾ ਕਿ ਭਗਤ ਪੂਰਨ ਸਿੰਘ ਨੂੰ 1981 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਵਿੱਚ ਕੀਤੇ ਗਏ ਅਪਰੇਸ਼ਨ ਤੋਂ ਬਾਅਦ ਇਹ ਪੁਰਸਕਾਰ ਵਾਪਸ ਕਰ ਦਿੱਤਾ ਸੀ।
ਸਾਹਨੀ ਨੇ ਕਿਹਾ, “ਪਿੰਗਲਵਾੜਾ ਬੇਸਹਾਰਾ ਲੋਕਾਂ ਦਾ ਘਰ ਹੈ ਜਿੱਥੇ ਸਾਰੇ ਅਪਾਹਜ ਅਤੇ ਨਜ਼ਰਅੰਦਾਜ਼ ਕੀਤੇ ਗਏ ਲੋਕਾਂ ਨੂੰ ਆਸਰਾ ਦਿੱਤਾ ਜਾਂਦਾ ਹੈ। ਬੱਚੇ, ਵਿਧਵਾਵਾਂ ਅਤੇ ਬਜ਼ੁਰਗ ਲੋਕ ਆਪਣੇ ਜੀਵਨ ਦੇ ਸਭ ਤੋਂ ਮੁਸ਼ਕਲ ਪਲਾਂ ਦੌਰਾਨ ਇੱਥੇ ਇੱਕ ਪਰਿਵਾਰਕ ਮਾਹੌਲ ਅਤੇ ਪਿਆਰ ਦੀ ਭਾਵਨਾ ਪ੍ਰਾਪਤ ਕਰਦੇ ਹਨ।”
ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਨੂੰ ਮਰਨ ਉਪਰੰਤ 'ਭਾਰਤ ਰਤਨ' ਨਾਲ ਸਨਮਾਨਿਤ ਕਰਨਾ ਸਭ ਤੋਂ ਵੱਡਾ ਉਚਿਤ ਸਨਮਾਨ ਹੋਵੇਗਾ।

