ਸੰਤੋਖ ਗਿੱਲ
ਗੁਰੂਸਰ ਸੁਧਾਰ, 31 ਜੁਲਾਈ
ਇਥੇ ਲਾਗਲੇ ਪਿੰਡ ਬੋਪਾਰਾਏ ਕਲਾਂ ਵਿੱਚ ਦੋ ਮਹੀਨੇ ਵਿੱਚ ਹੀ ਤੀਜੀ ਵਾਰ ਰਜਵਾਹਾ ਟੁੱਟਣ ਕਾਰਨ ਅੱਧੀ ਦਰਜਨ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਖੜ੍ਹੀ ਫ਼ਸਲ ਤਬਾਹ ਹੋ ਗਈ ਹੈ। ਉੱਧਰ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਸਿਰ ਹੀ ਠੀਕਰਾ ਭੰਨ੍ਹਿਆ ਹੈ। ਸਿੰਜਾਈ ਵਿਭਾਗ ਦੇ ਜੂਨੀਅਰ ਇੰਜਨੀਅਰ ਗੁਰਚਰਨ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਕਿਸਾਨਾਂ ਨੇ ਪਾਣੀ ਦੀ ਲੋੜ ਨਾ ਸਮਝਦਿਆਂ ਮੋਘੇ ਬੰਦ ਕਰ ਦਿੱਤੇ ਸਨ ਜਿਸ ਕਾਰਨ ਪਾਣੀ ਦਾ ਪੱਧਰ ਵਧ ਗਿਆ ਹੈ। ਜਦ ਕਿ ਵਿਭਾਗ ਦੇ ਉਪ ਮੰਡਲ ਅਫ਼ਸਰ ਗੁਰਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਕਿਸਾਨ ਰਜਵਾਹੇ ਦੀ ਜ਼ਮੀਨ ਨੂੰ ਵਾਹ ਕੇ ਖੇਤਾਂ ਵਿੱਚ ਮਿਲਾ ਲੈਂਦੇ ਹਨ, ਜਿਸ ਕਾਰਨ ਕਿਨਾਰੇ ਕਮਜ਼ੋਰ ਹੋ ਗਏ ਹਨ। ਬੋਪਾਰਾਏ ਕਲਾਂ ਵਾਸੀ ਗੁਰਮੇਲ ਸਿੰਘ, ਗੁਰਦੀਪ ਸਿੰਘ, ਹਰੀ ਸਿੰਘ, ਸੁਖਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਸਮੇਤ ਹੋਰ ਪ੍ਰਭਾਵਿਤ ਕਿਸਾਨਾਂ ਨੇ ਸਿੰਜਾਈ ਵਿਭਾਗ ਵੱਲੋਂ ਰਜਵਾਹੇ ਵਿੱਚ ਛੱਡੇ ਵਾਧੂ ਪਾਣੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਵਿਭਾਗ ਦੇ ਸਥਾਨਕ ਮੁਲਾਜ਼ਮਾਂ ਨੂੰ ਪਾਣੀ ਦੀ ਮਾਤਰਾ ਘੱਟ ਕਰਨ ਲਈ ਵਾਰ ਵਾਰ ਬੇਨਤੀਆਂ ਕਰਦੇ ਰਹੇ, ਪਰ ਕਿਸੇ ਨੇ ਉਨ੍ਹਾਂ ਦੀ ਗੱਲ ਵੱਲ ਕੰਨ ਨਹੀਂ ਧਰਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਰਜਵਾਹੇ ਦੀ ਸਹੀ ਢੰਗ ਨਾਲ ਸਫ਼ਾਈ ਵੀ ਨਹੀਂ ਕੀਤੀ ਜਾਂਦੀ ਅਤੇ ਚੂਹਿਆਂ ਵੱਲੋਂ ਕੀਤੀਆਂ ਖੁੱਡਾਂ ਕਾਰਨ ਵੀ ਖ਼ਾਰ ਪੈ ਜਾਂਦੀ ਹੈ। ਪ੍ਰਭਾਵਿਤ ਕਿਸਾਨਾਂ ਨੇ ਫ਼ਸਲ ਦੀ ਬਰਬਾਦੀ ਬਦਲੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਤਰਲੋਚਨ ਸਿੰਘ, ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਅਤੇ ਗੁਰਿੰਦਰਜੀਤ ਸਿੰਘ ਸੰਘੇੜਾ ਸਮੇਤ ਹੋਰ ਕਈ ਕਿਸਾਨ ਆਗੂਆਂ ਨੇ ਵੀ ਸਿੰਜਾਈ ਵਿਭਾਗ ਨੂੰ ਦੋਸ਼ੀ ਠਹਿਰਾਉਂਦਿਆਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।