Rajpura Electricity Cut: ਬਿੱਲ ਨਾ ਭਰਨ ਕਾਰਨ ਰਾਜਪੁਰਾ ਦੇ ਸਰਕਾਰੀ ਸੇਵਾ ਕੇਂਦਰ ਦੀ ਬਿਜਲੀ ਕੱਟੀ; ਆਮ ਜਨਤਾ ਬੇਹਾਲ
ਨਿੱਜੀ ਕੰਪਨੀ ਦੀ ਲਾਪਰਵਾਹੀ ਦਾ ਖ਼ਮਿਆਜ਼ਾ ਭੁਗਤ ਰਹੇ ਨੇ ਲੋਕ; SDM ਵੱਲੋਂ ਤੁਰੰਤ ਬਿੱਲ ਭਰ ਕੇ ਸੇਵਾਵਾਂ ਬਹਾਲ ਕਰਨ ਦੇ ਨਿਰਦੇਸ਼
Rajpura Electricity Cut: ਰਾਜਪੁਰਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਸਥਿਤ ਸਰਕਾਰੀ ਸੇਵਾ ਕੇਂਦਰ ਦੀ ਬਿਜਲੀ, ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਪਾਵਰਕੌਮ (ਬਿਜਲੀ ਵਿਭਾਗ) ਵੱਲੋਂ ਕੱਟ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੇਵਾ ਕੇਂਦਰ ਠੇਕੇ ’ਤੇ ਚਲਾ ਰਹੀ ਨਿੱਜੀ ਕੰਪਨੀ ਵੱਲੋਂ ਸਮੇਂ ਸਿਰ ਬਿਜਲੀ ਦਾ ਬਿੱਲ ਜਮ੍ਹਾਂ ਨਹੀਂ ਕਰਵਾਇਆ ਗਿਆ, ਜਿਸ ਕਾਰਨ ਬਿਜਲੀ ਵਿਭਾਗ ਨੂੰ ਇਹ ਸਖ਼ਤ ਕਾਰਵਾਈ ਕਰਨੀ ਪਈ। ਇਸ ਲਾਪਰਵਾਹੀ ਦਾ ਸਿੱਧਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਜੋ ਆਪਣੇ ਜ਼ਰੂਰੀ ਸਰਕਾਰੀ ਕੰਮਾਂ-ਕਾਰਾਂ ਲਈ ਸੇਵਾ ਕੇਂਦਰ ਪਹੁੰਚ ਰਹੇ ਹਨ ਪਰ ਬਿਜਲੀ ਗੁੱਲ ਹੋਣ ਕਾਰਨ ਨਿਰਾਸ਼ ਹੋ ਕੇ ਵਾਪਸ ਮੁੜਨ ਲਈ ਮਜਬੂਰ ਹਨ।
ਬਿਜਲੀ ਸਪਲਾਈ ਬੰਦ ਹੋਣ ਕਾਰਨ ਸੇਵਾ ਕੇਂਦਰ ਦੇ ਬਾਹਰ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਜਦੋਂਕਿ ਅੰਦਰ ਕੰਪਿਊਟਰ ਅਤੇ ਹੋਰ ਸਿਸਟਮ ਬੰਦ ਹੋਣ ਕਾਰਨ ਸਾਰਾ ਕੰਮ-ਕਾਜ ਪੂਰੀ ਤਰ੍ਹਾਂ ਠੱਪ ਪਿਆ ਹੈ। ਸੇਵਾ ਕੇਂਦਰ ਪੁੱਜੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਜਤਾਉਂਦਿਆਂ ਆਖਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਘਰ-ਘਰ ਅਤੇ ਸੁਚਾਰੂ ਰੂਪ ਵਿੱਚ ਸਰਕਾਰੀ ਸੇਵਾਵਾਂ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਠੇਕੇਦਾਰਾਂ ਦੀ ਅਜਿਹੀ ਗੈਰ-ਜ਼ਿੰਮੇਵਾਰਾਨਾ ਪਹੁੰਚ ਕਾਰਨ ਜਨਤਾ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਗੁੱਸੇ ਵਿੱਚ ਆਏ ਲੋਕਾਂ ਨੇ ਮੰਗ ਕੀਤੀ ਹੈ ਕਿ ਬਿੱਲ ਨਾ ਭਰਨ ਵਾਲੀ ਇਸ ਡਿਫਾਲਟਰ ਕੰਪਨੀ ਦਾ ਠੇਕਾ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਨੂੰ ਬਲੈਕਲਿਸਟ ਕੀਤਾ ਜਾਵੇ।
ਐੱਸ.ਡੀ.ਐੱਮ. ਰਾਜਪੁਰਾ ਦੀ ਸਖ਼ਤ ਕਾਰਵਾਈ ਇਸ ਪੂਰੇ ਮਾਮਲੇ ਸਬੰਧੀ ਜਦੋਂ ਐੱਸ.ਡੀ.ਐੱਮ. ਰਾਜਪੁਰਾ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਨੋਟਿਸ ਵਿੱਚ ਆ ਚੁੱਕਾ ਹੈ। ਉਨ੍ਹਾਂ ਕੰਪਨੀ ਨੂੰ ਸਖ਼ਤ ਲਹਿਜੇ ਵਿੱਚ ਤੁਰੰਤ ਬਿਜਲੀ ਦਾ ਬਕਾਇਆ ਬਿੱਲ ਜਮ੍ਹਾਂ ਕਰਵਾਉਣ ਅਤੇ ਸੇਵਾ ਕੇਂਦਰ ਨੂੰ ਮੁੜ ਚਾਲੂ ਕਰਨ ਲਈ ਲਿਖਤੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਨੂੰ ਜਲਦ ਤੋਂ ਜਲਦ ਖ਼ਤਮ ਕੀਤਾ ਜਾ ਸਕੇ।
