ਮਾਫੀਆ ਕਾਰਨ ਨਾ ਵਿਛੀ ਰਾਜਪੁਰਾ-ਚੰਡੀਗੜ੍ਹ ਰੇਲ ਲਾਈਨ: ਗਾਂਧੀ
ਪਟਿਆਲ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਗੁਜਰਾਤ ਤੋਂ ਚੰਡੀਗੜ੍ਹ ਵਾਇਆ ਬਠਿੰਡਾ, ਪਟਿਆਲਾ ਰਾਜਪੁਰਾ ਰੇਲਵੇ ਲਾਈਨ ਦੋ ਸਾਲਾਂ ਵਿਚ ਮੁਕੰਮਲ ਹੋ ਜਾਵੇਗੀ, ਕਿਉਂਕਿ ਰੇਲ ਮੰਤਰਾਲੇ ਨੇ ਇਸ ਲਾਈਨ ਨੂੰ ਪ੍ਰਮੁੱਖਤਾ ਦਿੱਤੀ ਹੈ। ਡਾ. ਗਾਂਧੀ ਇੱਥੇ ਪਟਿਆਲਾ ਜ਼ਿਲ੍ਹੇ ਦੀ ਦਿਹਾਤੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੂੰ ਵਧਾਈ ਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਹਾਈ ਕਮਾਂਡ ਵੱਲੋਂ ਬੜੇ ਹੀ ਨਿਰਪੱਖ ਸੋਚ ਨਾਲ ਕੀਤੀ ਹੈ, ਜਿਸ ਦਾ ਲਾਭ ਕਾਂਗਰਸ ਨੂੰ ਹੋਵੇਗਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਟਰਾਂਸਪੋਰਟ ਮਾਫ਼ੀਆ ਦੇ ਦਬਾਅ ਹੇਠ ਰਾਜਪੁਰਾ ਚੰਡੀਗੜ੍ਹ ਰੇਲ ਲਾਈਨ ਬਣਾਉਣ ਲਈ ਜ਼ਮੀਨ ਐਕਵਾਇਰ ਨਹੀਂ ਕੀਤੀ, ਜਦ ਕਿ ਨਿਸ਼ਾਨਦੇਹੀ ਹੋ ਗਈ ਸੀ, ਜ਼ਮੀਨ ਦਾ ਪੂਰਾ ਖ਼ਾਕਾ ਤਿਆਰ ਕੀਤਾ ਜਾ ਚੁੱਕਿਆ ਸੀ। ਉਸ ਵੇਲੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਚਿੱਠੀਆਂ ਲਿਖੀਆਂ ਗਈਆਂ ਸਨ ਪਰ ਇਹ ਕੰਮ ਮੁਕੰਮਲ ਨਹੀਂ ਹੋਇਆ। ਇਸ ਸਰਕਾਰ ਵਿਚ ਵੀ ਇਸ ਲਾਈਨ ਨੂੰ ਬਣਾਉਣ ਲਈ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ ਸੀ ਪਰ ਹੁਣ ਕੇਂਦਰ ਸਰਕਾਰ ਨੇ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਦੀ ਅਗਵਾਈ ਵਿੱਚ ਇਹ ਰੇਲ ਲਾਈਨ ਪੂਰੀ ਕਰਨ ਦਾ ਬੀੜਾ ਚੁੱਕਿਆ ਹੈ ਤੇ ਸਖ਼ਤੀ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਟੈਂਡਰ ਕੀਤੇ ਜਾ ਰਹੇ ਹਨ। ਇਹ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਰਾਜਪੁਰਾ ਤੋਂ ਬਠਿੰਡਾ ਰੇਲ ਲਾਈਨ ਡਬਲ ਹੋਈ ਤੇ ਬਿਜਲੀਕਰਨ ਹੋਇਆ। ਇਸੇ ਤਰ੍ਹਾਂ ਵੰਦੇ ਭਾਰਤ ਰੇਲ ਦਾ ਇਧਰ ਚੱਲਣਾ ਵੀ ਚੰਗਾ ਕਦਮ ਹੈ।
