Akal Takht Sahib ਨੂੰ ਰਾਜੋਆਣਾ ਦੀ ਅਪੀਲ: ‘ਰਾਸ਼ਟਰਪਤੀ ਕੋਲ ਦਾਖਲ ਰਹਿਮ ਦੀ ਅਪੀਲ ਦਸ ਦਿਨਾਂ ’ਚ ਲਈ ਜਾਵੇ ਵਾਪਸ’
ਇਨਸਾਫ਼ ਦੀ ਉਡੀਕ ਕਰਦਿਆਂ ਹੋ ਗਏ 30 ਸਾਲ ਪਰ ਨਹੀਂ ਜਾਪ ਰਿਹਾ ਕੋਈ ਚਿੰਤਤ : ਰਾਜੋਆਣਾ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਸ਼ਟਰਪਤੀ ਕੋਲ ਦਾਖਲ ਕੀਤੀ ਗਈ ਉਸ ਦੀ ਰਹਿਮ ਦੀ ਅਪੀਲ ਦਸ ਦਿਨਾਂ ਦੇ ਅੰਦਰ ਵਾਪਸ ਲੈਣ ਦਾ ਨਿਰਦੇਸ਼ ਦੇਣ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੀ ਆਪਣੀ ਤਾਜ਼ਾ ਚਿੱਠੀ ਵਿੱਚ ਰਾਜੋਆਣਾ ਨੇ ਕਿਹਾ ਹੈ ਕਿ ਉਸ ਨੂੰ ਇਨਸਾਫ਼ ਦੀ ਉਡੀਕ ਕਰਦਿਆਂ ਲਗਪਗ 30 ਸਾਲ ਹੋ ਗਏ ਹਨ ਪਰ ਇਸ ਦੇ ਬਾਵਜੂਦ ਕੋਈ ਵੀ ਚਿੰਤਤ ਨਹੀਂ ਜਾਪ ਰਿਹਾ। ਉਸ ਨੇ ਬੇਨਤੀ ਕੀਤੀ ਹੈ ਕਿ ਉਸ ਦੀ ਰਹਿਮ ਦੀ ਅਪੀਲ ਹੁਣ 10 ਦਿਨਾਂ ਦੇ ਅੰਦਰ-ਅੰਦਰ ਵਾਪਸ ਲੈ ਲਈ ਜਾਵੇ।
ਇਸ ਤੋਂ ਪਹਿਲਾਂ 2023 ਵਿੱਚ ਵੀ ਬਲਵੰਤ ਸਿੰਘ ਰਾਜੋਆਣਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਨੂੰ ਦਖਲ ਦੇਣ ਅਤੇ ਲਗਪਗ 12 ਸਾਲ ਪਹਿਲਾਂ ਐਸਜੀਪੀਸੀ ਵੱਲੋਂ ਦਾਖਲ ਕੀਤੀ ਗਈ ਆਪਣੀ ਰਹਿਮ ਦੀ ਪਟੀਸ਼ਨ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਰਾਜੋਆਣਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਭਾਰਤ ਦੇ ਰਾਸ਼ਟਰਪਤੀ ਕੋਲ ਪੈਂਡਿੰਗ ਪਟੀਸ਼ਨ ਅਗਲੇ ਦਸ ਦਿਨਾਂ ਦੇ ਅੰਦਰ ਵਾਪਸ ਨਾ ਲਈ ਗਈ ਤਾਂ ਉਹ ਭੁੱਖ ਹੜਤਾਲ 'ਤੇ ਚਲੇ ਜਾਣਗੇ।
ਮਈ 2023 ਵਿੱਚ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕੇਂਦਰ ਨੂੰ ਕਿਹਾ ਸੀ ਕਿ ਉਹ ਜਦੋਂ ਵੀ ਠੀਕ ਸਮਝੇ, ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਆਪਣਾ ਫੈਸਲਾ ਲੈ ਸਕਦੀ ਹੈ।
ਸਤੰਬਰ 2025 ਵਿੱਚ ਸੁਪਰੀਮ ਕੋਰਟ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਸੀ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ 2007 ਤੋਂ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਹਾਲੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ। ਅਦਾਲਤ ਨੇ ਪੁੱਛਿਆ ਸੀ ਕਿ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਇਹ ਮਾਮਲਾ ਕਿਉਂ ਲਟਕ ਰਿਹਾ ਹੈ।

