Malwa ਖੇਤਰ ਵਿੱਚ ਮੀਂਹ 50 ਫ਼ੀਸਦੀ ਤੱਕ ਘਟਿਆ; ਝੋਨਾ ਤੇ ਨਰਮਾ ਸੰਕਟ ਵਿੱਚ
ਨਰਮੇ ਹੇਠ ਰਕਬਾ ਘਟਿਆ, ਗੁਲਾਬੀ ਸੁੰਡੀ ਦਾ ਖ਼ੌਫ਼ ਵਧਿਆ
ਇਸ ਵਾਰ ਮੌਨਸੂਨ ਦੀ ਬੇਰੁਖ਼ੀ ਨੇ ਖੇਤੀਬਾੜੀ ਖੇਤਰ ਅਤੇ ਕਿਸਾਨਾਂ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਹੈ। ਖੇਤੀਬਾੜੀ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਜੁਲਾਈ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 50 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਜਿੱਥੇ ਮਾਲਵਾ ਖੇਤਰ ਵਿੱਚ ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਕਰੀਬ 461 ਮਿਲੀਮੀਟਰ ਮੀਂਹ ਪਿਆ ਸੀ, ਉੱਥੇ ਇਸ ਵਾਰ ਸਿਰਫ਼ 234 ਮਿਲੀਮੀਟਰ ਮੀਂਹ ਹੀ ਨਸੀਬ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਮੁਕਤਸਰ ਜ਼ਿਲ੍ਹੇ ਵਿੱਚ 72 ਫ਼ੀਸਦੀ, ਫਾਜ਼ਿਲਕਾ ਵਿੱਚ 41, ਬਠਿੰਡਾ ਵਿੱਚ 53, ਮਾਨਸਾ ਵਿੱਚ 60 ਅਤੇ ਸੰਗਰੂਰ ਵਿਖੇ 36 ਫ਼ੀਸਦੀ ਦੇ ਕਰੀਬ ਘੱਟ ਮੀਂਹ ਪਿਆ ਹੈ। ਮੀਂਹ ਦੀ ਇਸ ਭਾਰੀ ਕਮੀ ਕਾਰਨ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ ਹਨ। ਮੀਂਹ ਨਾ ਹੋਣ ਕਰਕੇ ਝੋਨੇ ਦੀ ਫ਼ਸਲ ਦਾ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਡੂੰਘਾ ਚਲਿਆ ਗਿਆ ਹੈ, ਜਿਸ ਕਾਰਨ ਪੌਦਿਆਂ ਦੇ ਵਾਧੇ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਕੁਦਰਤ ਦੀ ਇਸ ਮਾਰ ਕਾਰਨ ਕਿਸਾਨਾਂ ਨੂੰ ਲਗਾਤਾਰ ਟਿਊਬਵੈੱਲਾਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਡੀਜ਼ਲ ਦਾ ਖ਼ਰਚਾ ਵਧ ਰਿਹਾ ਹੈ।
ਇਸੇ ਤਰ੍ਹਾਂ ਨਰਮੇ ਅਤੇ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਵਾਰ ਦੋਹਰੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਨਹਿਰੀ ਪਾਣੀ ਦੀ ਲਗਾਤਾਰ ਕਿੱਲਤ ਅਤੇ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੇ ਇਸ ਵਾਰ ਨਰਮੇ ਦੀ ਬਿਜਾਈ ਤੋਂ ਵੱਡਾ ਕਿਨਾਰਾ ਕੀਤਾ ਹੈ। ਮੁੱਖ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਅਨੁਸਾਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਇਸ ਵਾਰ ਨਰਮੇ ਦੀ ਫ਼ਸਲ ਤਕਰੀਬਨ 10 ਹਜ਼ਾਰ 800 ਹੈਕਟੇਅਰ ਵਿੱਚ ਹੀ ਬੀਜੀ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਪਗ 2 ਹਜ਼ਾਰ 335 ਹੈਕਟੇਅਰ ਘੱਟ ਹੈ। ਪਾਣੀ ਦੀ ਘਾਟ ਕਾਰਨ ਨਰਮੇ ਦੀ ਫ਼ਸਲ ਦਾ ਕੱਦ ਆਮ ਨਾਲੋਂ ਕਾਫ਼ੀ ਛੋਟਾ ਰਹਿ ਗਿਆ ਹੈ।
ਕਿਸਾਨਾਂ ਦੀ ਚਿੰਤਾ ਉਦੋਂ ਹੋਰ ਵਧ ਗਈ ਜਦੋਂ ਅਗੇਤੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਅਸਰ ਦੇਖਣ ਨੂੰ ਮਿਲਿਆ। ਖੇਤੀ ਮਾਹਰਾਂ ਵੱਲੋਂ ਇਸ ਦੇ ਬਚਾਅ ਲਈ ਤੁਰੰਤ ਬਲੈਂਕੇਟ ਸਪਰੇਅ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਿਨ੍ਹਾਂ ਥਾਵਾਂ 'ਤੇ ਕੀੜਿਆਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ, ਉੱਥੇ ਕਿਸਾਨਾਂ ਨੂੰ ਬਾਜ਼ਾਰੂ ਮਹਿੰਗੀਆਂ ਜ਼ਹਿਰਾਂ ਵੱਲ ਭੱਜਣ ਦੀ ਬਜਾਏ ਨਿੰਮ ਦੇ ਘੋਲ ਦੀ ਸਪਰੇਅ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਖੇਤੀਬਾੜੀ ਵਿਭਾਗ ਦੀਆਂ 27 ਪੈਸਟ ਸਰਵੇਲੈਂਸ ਟੀਮਾਂ ਹਫ਼ਤੇ ਵਿੱਚ ਦੋ ਵਾਰ (ਮੰਗਲਵਾਰ ਅਤੇ ਸ਼ੁੱਕਰਵਾਰ) ਖੇਤਾਂ ਦਾ ਲਗਾਤਾਰ ਦੌਰਾ ਕਰਕੇ ਕੀਟ ਸਰਵੇਖਣ ਕਰ ਰਹੀਆਂ ਹਨ। ਪਿੰਡ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਨੂੰ ਫ਼ਸਲਾਂ ਦੀ ਸਹੀ ਦੇਖਭਾਲ, ਸਹੀ ਪ੍ਰਬੰਧਨ ਅਤੇ ਬਿਮਾਰੀਆਂ ਨਾਲ ਲੜਨ ਦੇ ਤਕਨੀਕੀ ਤਰੀਕਿਆਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਝੋਨਾ ਉਤਪਾਦਕ ਕਿਸਾਨ ਸੁਖਪਾਲ ਸਿੰਘ, ਹਰਦੇਵ ਸਿੰਘ ਅਤੇ ਜਸ਼ਨ ਸਿੰਘ ਹੋਰਾਂ ਨੇ ਦੱਸਿਆ ਕਿ ਝੋਨੇ ਦੀ ਸੰਭਾਲ ਲਈ ਰੋਜ਼ਾਨਾ 10 ਤੋਂ 12 ਘੰਟੇ ਟਿਊਬਵੈੱਲ ਚਲਾਉਣਾ ਪੈ ਰਿਹਾ ਹੈ, ਜਿਸ 'ਤੇ ਕਰੀਬ 3 ਹਜ਼ਾਰ ਰੁਪਏ ਦਾ ਰੋਜ਼ਾਨਾ ਡੀਜ਼ਲ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਮਿਲਦਾ ਹੈ, ਪਰ ਲੋੜੋਂ ਵੱਧ ਗਰਮੀ ਤੇ ਮੀਂਹ ਦੀ ਘਾਟ ਨੇ ਸੰਕਟ ਖੜ੍ਹਾ ਕੀਤਾ ਹੋਇਆ ਹੈ। ਪਾਣੀ ਦੀ ਘਾਟ ਕਰਕੇ ਝੋਨਾ ਝੱਲ ਨਹੀਂ ਮਾਰ ਰਿਹਾ ਤੇ ਵਾਧਾ ਵੀ ਘੱਟ ਹੈ। ਇਸੇ ਤਰ੍ਹਾਂ ਨਰਮੇ ਦੇ ਪੌਦੇ ਦਾ ਕੱਦ ਛੋਟਾ ਹੈ, ਜਿਸ ਕਰਕੇ ਟੀਂਡੇ ਵੀ ਘੱਟ ਲੱਗਣਗੇ ਅਤੇ ਕੀੜਿਆਂ ਦਾ ਹਮਲਾ ਵੀ ਵੱਧ ਗਿਆ ਹੈ।

