ਪੰਜਾਬ ’ਚ ਦੋ ਮਹੀਨਿਆਂ ਮਗਰੋਂ ਰੇਲ ਆਵਾਜਾਈ ਬਹਾਲ

ਰੇਲਵੇ ਦੇ ਤਕਨੀਕੀ ਸਟਾਫ ਨੇ ਗੱਡੀਆਂ ਦੀ ਸੇਫਟੀ ਬਾਰੇ ਕਲੀਅਰੈਂਸ ਦਿੱਤੀ

ਪੰਜਾਬ ’ਚ ਦੋ ਮਹੀਨਿਆਂ ਮਗਰੋਂ ਰੇਲ ਆਵਾਜਾਈ ਬਹਾਲ

ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਸੋਮਵਾਰ ਨੂੰ ਪੁਲੀਸ ਟੀਮ ਜਾਂਚ ਕਰਦੀ ਹੋਈ। -ਫੋਟੋ: ਰਾਜੇਸ਼ ਸੱਚਰ

* ਪੰਜਾਬ ’ਚ ਕੋਲੇ ਅਤੇ ਖਾਦ ਦੇ ਰੈਕ ਪੁੱਜੇ * ਅੱਜ ਤੋਂ ਅਨਾਜ ਦੀ ਢੋਆ-ਢੁਆਈ ਵੀ ਹੋ ਜਾਵੇਗੀ ਸ਼ੁਰੂ

ਚਰਨਜੀਤ ਭੁੱਲਰ

ਚੰਡੀਗੜ੍ਹ, 23 ਨਵੰਬਰ

ਰੇਲ ਮੰਤਰਾਲੇ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਅੱਜ ਪੰਜਾਬ ’ਚ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਹੋ ਗਈ ਹੈ। ਕਰੀਬ ਦੋ ਮਹੀਨਿਆਂ ਮਗਰੋਂ ਰੇਲ ਮਾਰਗਾਂ ’ਤੇ ਗੱਡੀਆਂ ਮੁੜ ਚੱਲੀਆਂ ਹਨ। ਪੰਜਾਬ ’ਚ ਦੁਪਹਿਰ ਵੇਲੇ ਸਭ ਤੋਂ ਪਹਿਲਾਂ ਮਾਲ ਗੱਡੀਆਂ ਕੋਲਾ ਤੇ ਖਾਦ ਲੈ ਕੇ ਪੁੱਜੀਆਂ। ਦੇਰ ਸ਼ਾਮ ਯਾਤਰੀ ਗੱਡੀਆਂ ਵੀ ਸੂਬੇ ਵਿਚ ਦਾਖਲ ਹੋ ਗਈਆਂ। ਭਲਕੇ ਤੋਂ ਅਨਾਜ ਦੀ ਢੋਆ-ਢੁਆਈ ਵੀ ਦੂਸਰੇ ਸੂਬਿਆਂ ਲਈ ਸ਼ੁਰੂ ਹੋ ਜਾਵੇਗੀ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਘੋਲ ਸ਼ੁਰੂ ਹੋਣ ਮਗਰੋਂ 24 ਸਤੰਬਰ ਤੋਂ ਪੰਜਾਬ ਵਿਚ ਰੇਲ ਗੱਡੀਆਂ ਦੀ ਆਵਾਜਾਈ ਬੰਦ ਹੋ ਗਈ ਸੀ। ਰੇਲਵੇ ਮੰਤਰਾਲੇ ਵੱਲੋਂ ਕੱਲ ਹੀ ਰੇਲ ਮਾਰਗਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਰੇਲਵੇ ਦੇ ਤਕਨੀਕੀ ਸਟਾਫ ਵੱਲੋਂ ਟਰੇਨਾਂ ਦੀ ਸੇਫਟੀ ਅਤੇ ਸੁਰੱਖਿਆ ਦੀ ਕਲੀਅਰੈਂਸ ਦੇਣ ਮਗਰੋਂ ਗੱਡੀਆਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ। ਦੁਪਹਿਰ ਦੋ ਵਜੇ ਮਾਲ ਗੱਡੀਆਂ ਵਾਇਆ ਅੰਬਾਲਾ ਪੰਜਾਬ ਵਿਚ ਦਾਖਲ ਹੋਈਆਂ ਅਤੇ ਸ਼ਾਮ ਤੱਕ ਸੂਬੇ ਵਿਚ 10 ਮਾਲ ਗੱਡੀਆਂ ਪੁੱਜ ਚੁੱਕੀਆਂ ਸਨ। ਵੇਰਵਿਆਂ ਅਨੁਸਾਰ ਤਲਵੰਡੀ ਸਾਬੋ ਅਤੇ ਨਾਭਾ ਥਰਮਲ ਪਲਾਂਟ ਵਿਚ ਕੋਲੇ ਦੇ ਰੈਕ, ਰਾਮਪੁਰਾ ਫੂਲ ’ਚ ਖਾਦ ਦੇ ਰੈਕ, ਨੰਗਲ ਵਿਚ ਕੋਲੇ ਦੇ ਰੈਕ ਅਤੇ ਸਾਹਨੇਵਾਲ ਵਿਚ ਕੰਟੇਨਰ ਲੈ ਕੇ ਗੱਡੀਆਂ ਆਈਆਂ। ਭਾਰਤੀ ਖੁਰਾਕ ਨਿਗਮ ਵੱਲੋਂ ਭਲਕੇ 24 ਨਵੰਬਰ ਨੂੰ ਪੰਜਾਬ ’ਚੋਂ ਅਨਾਜ ਦੇ 15 ਰੈਕ ਲੋਡ ਹੋਣਗੇ ਜਿਨ੍ਹਾਂ ਵਿਚ ਰਾਜਪੁਰਾ, ਸਰਹਿੰਦ, ਤਪਾ, ਸੰਗਰੂਰ, ਬਠਿੰਡਾ, ਨਾਭਾ, ਮਾਲੇਰਕੋਟਲਾ ਆਦਿ ਸਟੇਸ਼ਨ ਸ਼ਾਮਲ ਹਨ। ਭਲਕੇ ਚੌਲਾਂ ਦੇ 13 ਅਤੇ ਕਣਕ ਦੇ ਦੋ ਰੈਕ ਰਵਾਨਾ ਹੋਣਗੇ। ਜੰਮੂ ’ਚ ਫਸੇ ਖਾਲੀ ਰੈਕ ਵੀ ਅੱਜ ਮਾਝੇ ਵਿਚ ਪੁੱਜ ਗਏ ਹਨ। ਇਸੇ ਤਰ੍ਹਾਂ ਜੰਮੂ ਤੋਂ ਲਖਨਊ ਲਈ ਜਿਪਸਮ ਦਾ ਇੱਕ ਰੈਕ ਵਾਇਆ ਲੁਧਿਆਣਾ ਅੱਜ ਰਵਾਨਾ ਹੋਇਆ ਹੈ। ਜਲੰਧਰ ਤੋਂ ਆਇਲ ਟੈਂਕ ਵਾਲੇ ਖਾਲੀ ਰੈਕ ਦਿੱਲੀ ਭੇਜੇ ਗਏ ਹਨ। ਇਵੇਂ ਹੀ ਰਾਤ ਕਰੀਬ 10 ਵਜੇ ਤੋਂ ਯਾਤਰੀ ਗੱਡੀਆਂ ਵੀ ਚੱਲ ਪਈਆਂ ਹਨ ਜਿਸ ਤਹਿਤ ਮੁੰਬਈ ਤੋਂ ਅੰਮ੍ਰਿਤਸਰ (ਗੋਲਡਨ ਟੈਂਪਲ ਐਕਸਪ੍ਰੈਸ), ਧਨਬਾਦ ਤੋਂ ਫਿਰੋਜ਼ਪੁਰ ਕਿਸਾਨ ਐਕਸਪ੍ਰੈੱਸ, ਦਿੱਲੀ ਤੋਂ ਊਨਾ ਜਨ ਸ਼ਤਾਬਦੀ ਅਤੇ ਬਨਾਰਸ ਤੋਂ ਜੰਮੂ ਲਈ ਗੱਡੀਆਂ ਸ਼ਾਮਲ ਹਨ। ਭਲਕੇ ਅੰਮ੍ਰਿਤਸਰ ਤੋਂ ਹਰਦੁਆਰ ਲਈ ਗੱਡੀ ਰਵਾਨਾ ਹੋਵੇਗੀ। ਫਿਰੋਜ਼ਪੁਰ ਡਵੀਜ਼ਨ ਦੇ ਡੀਆਰਐੱਮ ਰਾਜੇਸ਼ ਅਗਰਵਾਲ ਨੇ ਕਿਹਾ ਕਿ ਅੱਜ ਦੁਪਹਿਰ ਦੋ ਵਜੇ ਮਾਲ ਗੱਡੀਆਂ ਚਲਾ ਦਿੱਤੀਆਂ ਗਈਆਂ ਹਨ ਅਤੇ ਭਲਕੇ ਯਾਤਰੀ ਗੱਡੀਆਂ ਵੀ ਚੱਲ ਪੈਣਗੀਆਂ। ਪਤਾ ਲੱਗਾ ਹੈ ਕਿ ਅੱਜ ਮਾਲ ਗੱਡੀਆਂ ਨੂੰ ਰੇਲ ਮਾਰਗ ’ਤੇ ਘੱਟ ਸਪੀਡ ਉਤੇ ਚਲਾਇਆ ਗਿਆ ਹੈ। ਪਾਵਰਕੌਮ ਦੇ ਡਾਇਰੈਕਟਰ (ਵੰਡ) ਡੀ ਪੀ ਐੱਸ ਗਰੇਵਾਲ ਨੇ ਕਿਹਾ ਕਿ ਬਣਾਂਵਾਲੀ ਥਰਮਲ ਵਿਚ ਕੋਲੇ ਦੇ ਰੈਕ ਪੁੱਜ ਗਏ ਹਨ ਅਤੇ ਹੁਣ ਬਿਜਲੀ ਪੈਦਾਵਾਰ ਲੀਹ ’ਤੇ ਆ ਜਾਵੇਗੀ। ਸੂਤਰਾਂ ਮੁਤਾਬਕ ਨਾਭਾ ਥਰਮਲ ਪਲਾਂਟ ਵਿਚ ਵੀ ਅੱਜ ਰੈਕ ਪੁੱਜ ਗਏ ਹਨ। ਖਾਦ ਦੀ ਕਿੱਲਤ ਵੀ ਹੁਣ ਦੂਰ ਹੋਣ ਦੀ ਸੰਭਾਵਨਾ ਹੈ। ਖਾਦ ਕੰਪਨੀਆਂ ਨੇ ਆਪਣੇ ਆਰਡਰ ਭੇਜ ਦਿੱਤੇ ਹਨ ਅਤੇ ਹਫ਼ਤੇ ਵਿਚ ਲੋੜੀਂਦੀ ਖਾਦ ਪੁੱਜਣ ਦੀ ਸੰਭਾਵਨਾ ਹੈ। ਇੰਡੀਅਨ ਪੋਟਾਸ਼ ਲਿਮਿਟਡ ਦੇ ਖੇਤਰੀ ਅਧਿਕਾਰੀ ਰਵੀ ਅਗਰਵਾਲ ਨੇ ਦੱਸਿਆ ਕਿ 24 ਨਵੰਬਰ ਤੱਕ ਯੂਰੀਆ ਅਤੇ ਡੀਏਪੀ ਦੇ ਛੇ ਰੈਕ ਰਾਮਪੁਰਾ, ਅਬੋਹਰ, ਬਟਾਲਾ, ਤਰਨ ਤਾਰਨ, ਲੁਧਿਆਣਾ ਅਤੇ ਗੁਰਦਾਸਪੁਰ ’ਚ ਪਹੁੰਚਣਗੇ। ਉਨ੍ਹਾਂ ਦੱਸਿਆ ਕਿ 15 ਰੈਕ ਦਾ ਹੋਰ ਆਰਡਰ ਦਿੱਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਯੂਰੀਆ ਦਾ ਭੰਡਾਰ ਨਾ ਕਰਨ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ ਕਿਉਂਕਿ ਅਨਾਜ ਨਾਲ ਨੱਕੋ ਨੱਕ ਭਰੇ ਗੋਦਾਮ ਵੀ ਹੁਣ ਖਾਲੀ ਹੋਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਵਿਚ ਨਵਾਂ ਚੌਲ ਭੰਡਾਰ ਕੀਤਾ ਜਾਣਾ ਹੈ।

ਸੰਘਰਸ਼ ਕਮੇਟੀ ਦਾ ਫੈਸਲਾ ਪੰਜਾਬ ਵਿਰੋਧੀ: ਅਮਰਿੰਦਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਵੱਖਰਾ ਪੈਂਤੜਾ ਲੈ ਕੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ 31 ਕਿਸਾਨ ਧਿਰਾਂ ਨੇ ਮਾਲ ਤੇ ਯਾਤਰੀ ਗੱਡੀਆਂ ਲਈ ਲਾਂਘਾ ਖੋਲ੍ਹ ਦਿੱਤਾ ਹੈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖਰਾ ਰਸਤਾ ਅਖਤਿਆਰ ਕਰਕੇ ਸੂਬੇ ਦੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਨ ਦਾ ਸਬੱਬ ਬਣਾ ਦਿੱਤਾ ਹੈ ਜਿਸ ਦੇ ਪੰਜਾਬ ਲਈ ਗੰਭੀਰ ਨਤੀਜੇ ਨਿਕਲ ਸਕਦੇ ਹਨ। ਅਮਰਿੰਦਰ ਨੇ ਕਿਹਾ ਕਿ ਜਦੋਂ ਬਾਕੀ ਕਿਸਾਨ ਧਿਰਾਂ ਨੇ ਸਰਬਸੰਮਤੀ ਨਾਲ ਫੈਸਲਾ ਕਰ ਲਿਆ ਹੈ ਤਾਂ ਇਕ ਯੂਨੀਅਨ ਦਾ ਇਹ ਫੈਸਲਾ ਸਮਝੋ ਬਾਹਰ ਹੈ। ਇਹ ਕਦਮ ਇਸ ਯੂਨੀਅਨ ਨੂੰ ਲੋਕਾਂ ਤੋਂ ਅਲੱਗ-ਥਲੱਗ ਕਰ ਦੇਵੇਗਾ। ਉਨ੍ਹਾਂ ਅੱਜ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਗੱਲਬਾਤ ਅਤੇ ਵਿਚਾਰ-ਵਟਾਂਦਰੇ ਦੀ ਪ੍ਰਕ੍ਰਿਆ ਨੂੰ ਲੀਹੋਂ ਲਾਹੁਣ ਲਈ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ।

‘ਦਿੱਲੀ ਚੱਲੋ’ ਦੇ ਡਰ ਕਾਰਨ ਕੁਝ ਗੱਡੀਆਂ ਮੁਲਤਵੀ

ਸੂਤਰਾਂ ਅਨੁਸਾਰ ਰੇਲਵੇ ਨੇ ‘ਦਿੱਲੀ ਚੱਲੋ’ ਪ੍ਰੋਗਰਾਮ ਕਰਕੇ ਪੰਜਾਬ ਵਿਚ ਦਿੱਲੀ ਵਾਲੀਆਂ ਗੱਡੀਆਂ ਨੂੰ ਹਫ਼ਤੇ ਭਰ ਲਈ ਮੁਲਤਵੀ ਕਰ ਦਿੱਤਾ ਹੈ। ਕੇਂਦਰ ਨੂੰ ਡਰ ਹੈ ਕਿ ਇਨ੍ਹਾਂ ਗੱਡੀਆਂ ਜ਼ਰੀਏ ਕਿਸਾਨ ਕਿਤੇ ਦਿੱਲੀ ਵਿਚ ਵੱਡੀ ਗਿਣਤੀ ਵਿਚ ਨਾ ਪਹੁੰਚ ਜਾਣ। ਇਸ ਕਰਕੇ 30 ਨਵੰਬਰ ਤੱਕ ਦਿੱਲੀ ਵਾਲੀਆਂ ਕੁਝ ਟਰੇਨਾਂ ਨੂੰ ਮੁਲਤਵੀ ਕੀਤਾ ਗਿਆ ਹੈ। ਅੰਬਾਲਾ ਡਵੀਜ਼ਨ ਦੇ ਡੀਆਰਐੱਮ ਜੀ ਐੱਮ ਸਿੰਘ ਨੇ ਕਿਹਾ ਕਿ ਰੇਲਵੇ ਵੱਲੋਂ ਹਫ਼ਤੇ ਭਰ ਦੀ ਬੁਕਿੰਗ ਰੀਵਿਊ ਕੀਤੀ ਗਈ ਹੈ ਅਤੇ ਇਹ ਬੁਕਿੰਗ 40 ਫੀਸਦੀ ਤੋਂ ਘੱਟ ਹੋਣ ਕਰਕੇ ਕੁਝ ਗੱਡੀਆਂ ਹਫ਼ਤੇ ਲਈ ਮੁਲਤਵੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਰੱਦ ਕਰਨ ਪਿੱਛੇ ਸਿਰਫ ਯਾਤਰੀਆਂ ਦੀ ਘੱਟ ਬੁਕਿੰਗ ਹੋਣਾ ਹੀ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਚੌਕਸ ਕੀਤਾ

ਦਵਿੰਦਰ ਪਾਲ

ਚੰਡੀਗੜ੍ਹ­, 23 ਨਵੰਬਰ

ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐੱਸਸੀ) ਨੇ ਸਪੱਸ਼ਟ ਕੀਤਾ ਹੈ ਕਿ 26 ਅਤੇ 27 ਨਵੰਬਰ ਦਾ ਦਿੱਲੀ ਕੂਚ ਅਟੱਲ ਹੈ। ਏਆਈਕੇਐੱਸਸੀ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਦੋ ਦਰਜਨ ਦੇ ਕਰੀਬ ਕਿਸਾਨ ਆਗੂਆਂ ਵੀ ਐੱਮ ਸਿੰਘ (ਕਨਵੀਨਰ), ਅਵੀਕ ਸਾਹਾ (ਪ੍ਰਬੰਧਕੀ ਸਕੱਤਰ), ਡਾ. ਅਸ਼ੀਸ਼ ਮਿੱਤਲ, ਡਾ. ਅਸ਼ੋਕ ਧਵਲੇ, ਅਤੁਲ ਕੁਮਾਰ ਅੰਜਨ, ਭੁਪਿੰਦਰ ਸਾਂਬਰ, ਡਾ. ਦਰਸ਼ਨ ਪਾਲ, ਹਨਨ ਮੋਲ੍ਹਾ, ਜਗਮੋਹਨ ਸਿੰਘ, ਕਵਿਤਾ ਕੁਰੂਗੰਤੀ, ਕਿਰਨ ਵਿਸਾ, ਕੋਡੀਹੱਲੀ ਚੰਦਰਸ਼ੇਖਰ, ਮੇਧਾ ਪਾਟੇਕਰ, ਪ੍ਰਤਿਭਾ ਸ਼ਿੰਦੇ, ਪ੍ਰੇਮ ਸਿੰਘ ਗਹਿਲਾਵਤ, ਰਾਜਰਾਮ ਸਿੰਘ, ਰਾਜੂ ਸ਼ੈੱਟੀ, ਰਿਚਾ ਸਿੰਘ, ਸਤਨਾਮ ਸਿੰਘ ਅਜਨਾਲਾ, ਸੱਤਿਆਵਾਨ, ਡਾ. ਸੁਨੀਲਮ, ਤਜਿੰਦਰ ਸਿੰਘ ਵਿਰਕ, ਵੀ ਵੈਂਕਟਾਰਮੱਈਆ ਅਤੇ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਗਲਤ ਸੂਚਨਾਂ ਜਾਂ ਅਫਵਾਹ ’ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ। ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕੌਮੀ ਪੱਧਰ ਦੇ ਦੋ ਕਿਸਾਨ ਆਗੂਆਂ ਦੇ ਕਰੋਨਾ ਪੀੜਤ ਹੋਣ ਕਾਰਨ ਕੁਝ ਗਲਤ ਸੰਦੇਸ਼ ਚਲਾ ਗਿਆ ਸੀ ਪਰ ਦੇਸ਼ ਭਰ ਦੀਆਂ 500 ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦਾ ਸਮੂਹਕ ਸੰਕਲਪ ਕੇਂਦਰ ਸਰਕਾਰ ਲਈ ਸਿਰਦਰਦੀ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਨ ਵਾਲੀਆਂ ਏਜੰਸੀਆਂ ਖਾਸ ਕਰ ਦਿੱਲੀ ਪੁਲੀਸ ਅੰਦੋਲਨ ਨੂੰ ਅਸਫ਼ਲ ਬਣਾਉਣ ਲਈ ਸਿਰਤੋੜ ਯਤਨ ਕਰਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਕਿਸੇ ਗਲਤ ਜਾਣਕਾਰੀ ਅਤੇ ਗੁਮਰਾਹਕੁੰਨ ਜਾਂ ਭੁਲੇਖਾ ਪਾਊ ਸਾਜ਼ਿਸ਼ ਦਾ ਉਹ ਸ਼ਿਕਾਰ ਨਾ ਹੋਣ।

ਉਧਰ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਜਾਰੀ ਬਿਆਨ ਰਾਹੀਂ ਜਗਮੋਹਨ ਸਿੰਘ ਅਤੇ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਸਾਂਝੇ ਕਿਸਾਨ ਸੰਘਰਸ਼ ਨੂੰ ਮੋਦੀ ਹਕੂਮਤ ਦੀ ਨਵੀਂ ਵੰਗਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਔਰਤਾਂ ਹਰੀਆਂ ਚੁੰਨੀਆਂ ਬੰਨ੍ਹ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਆਈਆਂ ਹਨ। ਉਨ੍ਹਾਂ ਕਿਹਾ ਕਿ 24 ਅਤੇ 25 ਨਵੰਬਰ ਨੂੰ ਕਿਸਾਨ ਮਰਦ-ਔਰਤਾਂ ਘਰ-ਘਰ ਜਾ ਕੇ ਦਿੱਲੀ ਵੱਲ ਕੂਚ ਕਰੋ ਦੀ ਮੁਹਿੰਮ ਵਿੱਚ ਜੁੱਟ ਜਾਣਗੇ।

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਮੁਜ਼ਾਹਰੇ ਅਤੇ ਝੰਡਾ ਮਾਰਚ

ਚੰਡੀਗੜ੍ਹ: ਕੇਂਦਰ ਦੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਾਉਣ ਲਈ 26-27 ਨਵੰਬਰ ਨੂੰ ਦਿੱਲੀ ਚੱਲੋ ਦੀ ਜ਼ੋਰਦਾਰ ਤਿਆਰੀ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ‘ਪਿੰਡ ਜਗਾਓ, ਪਿੰਡ ਹਿਲਾਓ ਮੁਹਿੰਮ’ ਦੌਰਾਨ ਅੱਜ ਤੀਜੇ ਦਿਨ ਵੀ 12 ਜ਼ਿਲ੍ਹਿਆਂ ਦੇ ਹੋਰ 318 ਪਿੰਡਾਂ ਵਿੱਚ ਮੁਜ਼ਾਹਰੇ, ਨੁੱਕੜ ਨਾਟਕ, ਝੰਡਾ ਮਾਰਚ ਅਤੇ ਮਸ਼ਾਲ ਮਾਰਚ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਟੀਮਾਂ ਨੂੰ ਲੋਕਾਂ ਵੱਲੋਂ ਫੰਡ, ਰਾਸ਼ਨ, ਬਾਲਣ ਅਤੇ ਕੰਬਲ ਵਗੈਰਾ ਦਿਲ ਖੋਲ੍ਹ ਕੇ ਦਿੱਤੇ ਜਾ ਰਹੇ ਹਨ। ਪੰਜਾਬ ਭਰ ਦੀਆਂ ਤਿਆਰੀਆਂ ਦੇ ਠੋਸ ਜਾਇਜ਼ੇ 24 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾਈ ਪ੍ਰੈੱਸ ਕਾਨਫਰੰਸ ਵਿੱਚ ਨਸ਼ਰ ਕੀਤੇ ਜਾਣਗੇ। ਜਥੇਬੰਦੀ ਵੱਲੋਂ ਹਰਿਆਣਾ ਸਰਕਾਰ ਨੂੰ ਈਮੇਲ ਰਾਹੀਂ ਲਿਖਤੀ ਅਪੀਲ 20 ਨਵੰਬਰ ਨੂੰ ਭੇਜ ਕੇ ਮੰਗ ਕੀਤੀ ਗਈ ਹੈ ਕਿ 26 ਨੂੰ ਡੱਬਵਾਲੀ ਤੇ ਖਨੌਰੀ ਤੋਂ ਦਿੱਲੀ ਜਾਣ ਵਾਲੇ ਸ਼ਾਂਤਮਈ ਕਿਸਾਨ ਕਾਫਲਿਆਂ ਨੂੰ ਹਰਿਆਣੇ ਵਿੱਚ ਦੀ ਬੇਰੋਕ-ਟੋਕ ਲੰਘਣ ਦਿੱਤਾ ਜਾਵੇ।

ਕਿਸਾਨਾਂ ਲਈ ਲੰਗਰ ਦਾ ਇੰਤਜ਼ਾਮ ਕਰੇਗੀ ਦਿੱਲੀ ਗੁਰਦੁਆਰਾ ਕਮੇਟੀ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਰੋਸ ਪ੍ਰਦਰਸ਼ਨ ਕਰਨ ਆ ਰਹੇ ਕਿਸਾਨਾਂ ਲਈ ਲੰਗਰ ਤੇ ਜ਼ਰੂਰੀ ਵਸਤਾਂ ਦਾ ਇੰਤਜ਼ਾਮ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ। ਸ੍ਰੀ ਸਿਰਸਾ ਨੇ ਇਕ ਬਿਆਨ ਵਿਚ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਲੜਾਈ ਸਾਡੀ ਆਪਣੀ ਲੜਾਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਇਸ ਸਬੰਧੀ ਡਿਊਟੀ ਲਾਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All