ਖੇਤਰੀ ਪ੍ਰਤੀਨਿਧ
ਪਟਿਆਲਾ, 26 ਮਾਰਚ
ਦਿੱਲੀ ਸੰਘਰਸ਼ ’ਚੋਂ ਪਰਤੇ ਪਿੰਡ ਨੰਦਪੁਰ ਕੇਸ਼ੋਂ ਦੇ ਰਫੀਕ ਮੁਹੰਮਦ (66) ਦੀ ਅੱਜ ਮੌਤ ਹੋ ਗਈ। ਰਫੀਕ ਭਾਵੇਂ ਕਿਸਾਨ ਨਹੀਂ ਸੀ ਪਰ ਕਿਸਾਨਾਂ ਦਾ ਦਰਦ ਸਮਝਦਿਆਂ ਪਿੰਡ ਵਾਸੀਆਂ ਨਾਲ ਦਿੱਲੀ ਮੋਰਚੇ ’ਤੇ ਗਿਆ ਸੀ। ਉਥੋਂ ਵਾਪਸੀ ’ਤੇ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਇਸ ਦੌਰਾਨ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਪ੍ਰਧਾਨ ਸੁਖਵਿੰਦਰ ਬਾਰਨ ਅਤੇ ਹੋਰ ਆਗੂਆਂ ਨੇ ਰਫੀਕ ਮੁਹੰਮਦ ਦੀ ਦੇਹ ਦਫਨ ਕਰਨ ਤੋਂ ਪਹਿਲਾਂ ਸਤਿਕਾਰ ਵਜੋਂ ਕਿਸਾਨੀ ਝੰਡੇ ਵਿੱਚ ਲਪੇਟੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਹੋਰ ਪਿੰਡ ਵਾਸੀਆਂ ਸਮੇਤ ਯੂਨੀਅਨ ਦੀ ਪਿੰਡ ਇਕਾਈ ਦੇ ਪ੍ਰਧਾਨ ਗੁਰਵੀਰ ਸਿੰਘ, ਚਰਨਜੀਤ ਸਿੰਘ, ਇੰਦਰਜੀਤ ਸਿੰਘ ਬੱਬਲ, ਰਤਨਪਾਲ ਸਿੰਘ ਡੱਗੂ, ਛੋਟਾ ਸਿੰਘ ਆਦਿ ਵੀ ਮੌਜੂਦ ਸਨ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਨਿਆਲ ਨੇ ਰਫੀਕ ਮੁਹੰਮਦ ਨੂੰ ਕਿਸਾਨ ਮੋਰਚੇ ਦਾ ਸ਼ਹੀਦ ਗਰਦਾਨਦਿਆਂ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਅਤੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ।