ਸ਼ੱਕੀ ਹਾਲਤ ’ਚ ਨੌਜਵਾਨ ਦੀ ਮੌਤ ਮਗਰੋਂ ਪੁਲੀਸ ’ਤੇ ਸਵਾਲ ਉੱਠੇ
ਸ਼ਗਨ ਕਟਾਰੀਆ
ਬਠਿੰਡਾ, 26 ਮਈ
ਨੌਜਵਾਨ ਦੀ ਭੇਤ-ਭਰੀ ਹਾਲਤ ’ਚ ਮੌਤ ਹੋਣ ਕਾਰਨ ਪੁਲੀਸ ਸਵਾਲਾਂ ਦੇ ਘੇਰੇ ’ਚ ਆ ਗਈ ਹੈ। 23 ਮਈ ਸ਼ਾਮ ਦੀ ਇਸ ਘਟਨਾ ’ਤੇ ਪੁਲੀਸ ਕਥਿਤ ਪਰਦਾ ਪਾਉਣ ਦੀ ਕੋਸ਼ਿਸ਼ ’ਚ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਗੋਣਿਆਣਾ ਮੰਡੀ ਵਾਸੀ ਨਰਿੰਦਰਦੀਪ ਸਿੰਘ (34) ਦੇ ਪਰਿਵਾਰ ਵੱਲੋਂ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰਨ ’ਤੇ ਪੁਲੀਸ ਨੇ ਪਹਿਲਾਂ ਥਾਣਾ ਕੈਨਾਲ ਕਲੋਨੀ ਬਠਿੰਡਾ ਵਿੱਚ ਮ੍ਰਿਤਕ ਦੇ ਦੋ ਦੋਸਤਾਂ ਗਗਨਦੀਪ ਸਿੰਘ ਤੇ ਹੈਪੀ ਲੂਥਰਾ ਸਣੇ ਸੀਆਈਏ-2 ਬਠਿੰਡਾ ਦੇ ਥਾਣੇਦਾਰ ਅਵਤਾਰ ਸਿੰਘ ਤਾਰੀ ਨੂੰ ਨਾਮਜ਼ਦ ਕੀਤਾ ਸੀ। ਇਸ ਮਗਰੋਂ ਦਬਾਅ ਵਧਣ ’ਤੇ ਪੁਲੀਸ ਨੇ ਸੀਆਈਏ ਸਟਾਫ ਦੇ ਤਿੰਨ ਹੋਰ ਮੁਲਾਜ਼ਮਾਂ ਹੌਲਦਾਰ ਹਰਵਿੰਦਰ ਸਿੰਘ, ਸੀਨੀਅਰ ਸਿਪਾਹੀ ਲਖਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਨੂੰ ਸ਼ਾਮਲ ਕੀਤਾ। ਪੀੜਤ ਪਰਿਵਾਰ ਦਾ ਸੀਆਈਏ ਸਟਾਫ-2 ਬਠਿੰਡਾ ਵੱਲੋਂ ਕੀਤੇ ਤਸ਼ੱਦਦ ਕਾਰਨ ਨੌਜਵਾਨ ਦੀ ਮੌਤ ਹੋਈ ਹੈ। ਨਰਿੰਦਰਦੀਪ ਸਿੰਘ ਬਠਿੰਡਾ ਦੇ ਅਜੀਤ ਰੋਡ ’ਤੇ ਸਥਿਤ ਆਈਲੈਟਸ ਕੇਂਦਰ ’ਚ ਟੀਚਰ ਸੀ ਜੋ 23 ਮਈ ਨੂੰ ਆਪਣੇ ਮਿੱਤਰਾਂ ਨਾਲ ਫ਼ਿਰੋਜ਼ਪੁਰ ਗਿਆ ਸੀ। ਦੇਰ ਸ਼ਾਮ ਨੂੰ ਉਸ ਦਾ ਫੋਨ ਬੰਦ ਹੋ ਗਿਆ ਸੀ। ਉਧਰ, ਨਰਿੰਦਰਦੀਪ ਦੇ ਦੋਸਤ ਬਠਿੰਡਾ ਵਾਸੀ ਗਗਨਦੀਪ ਸਿੰਘ ਨੇ 23 ਮਈ ਸ਼ਾਮ ਨੂੰ ਹੀ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਖ਼ੁਲਾਸਾ ਕੀਤਾ ਸੀ ਕਿ ਫ਼ਿਰੋਜ਼ਪੁਰ ਤੋਂ ਪਰਤਦਿਆਂ ਉਨ੍ਹਾਂ ਨੂੰ ਸੀਆਈਏ ਸਟਾਫ ਨੇ ਚੁੱਕ ਲਿਆ ਸੀ। ਦੋਵਾਂ ’ਤੇ ਨਸ਼ਿਆਂ ਬਾਰੇ ਪੜਤਾਲ ਦੌਰਾਨ ਤਸ਼ੱਦਦ ਕੀਤਾ ਗਿਆ ਜਿਸ ਕਾਰਨ ਨਰਿੰਦਰਦੀਪ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਮੌਤ ਮਗਰੋਂ ਪੁਲੀਸ ਨੇ ਉਸ ’ਤੇ ਦਬਾਅ ਪਾ ਕੇ ਨਰਿੰਦਰਦੀਪ ਦੇ ਪਰਿਵਾਰ ਨਾਲ ਫੋਨ ’ਤੇ ਗੱਲ ਕਰਵਾ ਕੇ ਝੂਠ ਬੁਲਵਾਇਆ ਕਿ ਨਰਿੰਦਰਦੀਪ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਤੇ ਬਠਿੰਡਾ ਹਸਪਤਾਲ ’ਚ ਦਾਖ਼ਲ ਹੈ। ਗਗਨਦੀਪ ਨੇ ਵੀਡੀਓ ’ਚ ਕਿਹਾ ਕਿ ਪੂਰੇ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਏਮਜ਼ ਬਠਿੰਡਾ ਦੇ ਡਾਕਟਰਾਂ ਦੇ ਬੋਰਡ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।
ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
ਮ੍ਰਿਤਕ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਇਕਲੌਤੇ ਪੁੱਤ ਨੂੰ ਕੋਹ-ਕੋਹ ਕੇ ਮਾਰਿਆ ਗਿਆ ਹੈ। ਦੋਸ਼ੀਆਂ ਨੂੰ ਸਜ਼ਾ ਦੇਣ ਲਈ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨਰਿੰਦਰਦੀਪ ਪੰਜ ਸਾਲਾ ਬੱਚੇ ਦਾ ਪਿਤਾ ਸੀ।
ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ: ਐੱਸਪੀ
ਐੱਸਪੀ ਨਰਿੰਦਰ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।