ਹੋਂਦ ਦਾ ਸਵਾਲ: ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਦੇ ਹੱਕ ’ਚ ਵਹਾਅ ਰਿਹੈ ‘ਅੱਥਰੂ’

ਹੋਂਦ ਦਾ ਸਵਾਲ: ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਦੇ ਹੱਕ ’ਚ ਵਹਾਅ ਰਿਹੈ ‘ਅੱਥਰੂ’

ਰਵੇਲ ਸਿੰਘ ਭਿੰਡਰ

ਪਟਿਆਲਾ, 25 ਸਤੰਬਰ

ਖੇਤੀ ਬਿੱਲਾਂ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੱਕਾ ਜਾਮ ਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਸੂਬੇ ਦੇ ਬਾਕੀ ਸ਼ਹਿਰਾਂ ਵਾਂਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਵੀ ਵੱਡਾ ਹੁੰਗਾਰਾ ਵੇਖਣ ਨੂੰ ਮਿਲਿਆ ਹੈ। ਅਜਿਹੇ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖਕੇ ਕਿਸਾਨੀ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ। ਸ਼ਾਹੀ ਸ਼ਹਿਰ ਦੇ ਕਰੀਬ ਸਾਰੇ ਬਜਾਰਾਂ ’ਚ ਸੁੰਨ ਪਸਰੀ ਹੈ ਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੈ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ‘ਨਿਊ ਮੋਤੀ ਬਾਗ ਪੈਲੇਸ’ ਦੇ ਨਜ਼ਦੀਕ ਮੋਦੀ ਕਾਲਜ ਚੌਕ ’ਚ ਅਕਾਲੀ ਦਲ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਚੱਕਾ ਜਾਮ ਕੀਤਾ ਗਿਆ ਹੈ। ਇਸ ਰੋਸ ਧਰਨੇ ’ਚ ਵੱਡੀ ਗਿਣਤੀ ਸ਼ਹਿਰ ਦੇ ਅਕਾਲੀ ਤੇ ਵਪਾਰੀ ਸ਼ਿਰਕਤ ਕਰ ਰਹੇ ਹਨ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਖੇਤੀ ਬਿੱਲਾਂ ਤੇ ਹੋਰ ਕਿਸਾਨੀ ਮਸਲਿਆਂ ’ਤੇ ਕੇਂਦਰ ਸਰਕਾਰ ਦੇ ਨਾਲ ਨਾਲ ਕੈਪਟਨ ਸਰਕਾਰ ਨੂੰ ਵੀ ਆੜੇ ਹੱਥੀਂ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਪਟਿਆਲਾ ਦਿਹਾਤੀ ਦੇ ਇੰਚਾਰਜ ਤੇ ਅਕਾਲੀ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ, ਸਾਬਕਾ ਮੇਅਰ ਅਮਰਿੰਦਰ ਸਿੰਘ, ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਵੀ ਵੱਖ ਵੱਖ ਥਾਈਂ ਚੱਕਾ ਜਾਮ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਸਮਾਣਾ ਜਦੋਂ ਕਿ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਸਨੌਰ ਹਲਕੇ ’ਚ ਚੱਕਾ ਜਾਮ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਧਰਨਿਆਂ ’ਚ ਅਕਾਲੀ ਦਲ ਦੇ ਸੂਬਾ ਜੁਆਇੰਟ ਸੈਕਟਰੀ ਹਰਜੀਤ ਸਿੰਘ ਬੱਬੀ ਖਹਿਰਾ,ਸਾਬਕਾ ਚੇਅਰਮੈਨ ਸੁਰਜੀਤ ਸਿੰਘ ਰੱਖੜਾ, ਯੂਥ ਅਕਾਲੀ ਦਲ ਦੇ ਬੁਲਾਰੇ ਅਮਿੱਤ ਰਾਠੀ,ਸਤਵਿੰਦਰ ਸਿੰਘ ਗਰੋਵਰ,ਜਸਵਿੰਦਰਪਾਲ ਸਿੰਘ ਚੱਢਾ, ਗੁਰਧਿਆਨ ਸਿੰਘ ਭਾਨਰੀ, ਜ਼ਿਲਾ ਯੂਥ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ ਸਮੇਤ ਹੋਰ ਆਗੂ ਸ਼ਿਰਕਤ ਕਰ ਰਹੇ ਹਨ। ਸਿੱਖ ਬੁੱਧਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬਲੂਆਣਾ ਵੀ ਚੱਕਾ ਜਾਮ ਪ੍ਰੋਗਰਾਮ ’ਚ ਬੁੱਧੀਜੀਵੀਆਂ ਸਮੇਤ ਸ਼ਿਰਕਤ ਕਰ ਰਹੇ ਹਨ।

ਲੰਬੀ(ਇਕਬਾਲ ਸਿੰਘ ਸ਼ਾਂਤ): ਸ਼੍ਰੋਮਣੀ ਅਕਾਲੀ ਦਲ ਨੇ ਲੰਬੀ ਨੇੜੇ ਡੱਬਵਾਲੀ-ਮਲੋਟ ਕੌਮੀ ਸ਼ਾਹ ਰੋਡ 'ਤੇ ਚੱਕਾ ਜਾਮ ਤਹਿਤ ਧਰਨਾ ਲਗਾਇਆ ਹੋਇਆ ਹੈ। ਅਕਾਲੀ ਦਲ ਨੇ ਸੜਕ ਉੱਪਰ ਟੈਂਟ ਗੱਡ ਕੇ ਖੇਤੀ ਬਿੱਲਾਂ ਖਿਲਾਫ ਮੋਰਚਾ ਖੋਲਿਆ ਹੋਇਆ ਹੈ। ਇਸ ਮੌਕੇ ਲੰਬੀ ਹਲਕੇ ਵਿਚੋਂ ਵੱਡੀ ਗਿਣਤੀ ਅਕਾਲੀ ਕਾਰਕੁਨ ਅਤੇ ਵਰਕਰ ਮੌਜੂਦ ਹਨ। ਅਕਾਲੀ ਵਰਕਰਾਂ ਨੇ ਖੇਤੀ ਬਿੱਲਾਂ ਖਿਲਾਫ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਹਨ।

ਅੰਮ੍ਰਿਤਸਰ(ਜਗਤਾਰ ਸਿੰਘ ਲਾਂਬਾ): ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਲਗਭਗ ਮੁਕੰਮਲ ਬੰਦ ਰਿਹਾ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਥਾਨਕ ਗੋਲਡਨ ਗੇਟ ਅਤੇ ਪੁਤਲੀ ਘਰ ਵਿਖੇ ਆਵਾਜਾਈ ਰੋਕ ਦਿੱਤੇ ਗਏ ਧਰਨੇ ਵਿੱਚ ਖੇਤੀ ਬਿੱਲਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਭੰਡਾਰੀ ਪੁੱਲ ਤੇ ਆਵਾਜਾਈ ਰੋਕ ਕੇ ਖੇਤੀ ਬਿਲਾਂ ਖ਼ਿਲਾਫ਼ ਧਰਨਾ ਦਿੱਤਾ ਗਿਆ।ਇਸੇ ਤਰ੍ਹਾਂ ਕੁਝ ਖੱਬੇ ਪੱਖੀ ਮਜ਼ਦੂਰ ਜਥੇਬੰਦੀਆਂ ਵੱਲੋਂ ਸਥਾਨਕ ਕੰਪਨੀ ਬਾਗ ਵਿਖੇ ਖੇਤੀ ਬਿਲਾਂ ਖ਼ਿਲਾਫ਼ ਰੋਸ ਰੈਲੀ ਕੀਤੀ ਗਈ।

ਸ਼ਹਿਰ ਵਿੱਚ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖੇ ਗਏ ਹਨ। ਬੱਸਾਂ ਟਰੱਕਾਂ ਅਤੇ ਹੋਰ ਵੱਡੇ ਵਾਹਨਾਂ ਦੀ ਆਵਾਜਾਈ ਬੰਦ ਹੈ ..ਲੇਕਿਨ ਸ਼ਹਿਰ ਵਿੱਚ ਦੋ ਪਹੀਆ ਵਾਹਨ ਅਤੇ ਕਾਰਾਂ ਆਦਿ ਦੀ ਆਵਾਜਾਈ ਪਹਿਲਾਂ ਵਾਂਗ ਹੀ ਚੱਲ ਰਹੀ ਹੈ।

ਜੰਡਿਆਲਾ ਨੇੜੇ ਦੇਵੀਦਾਸਪੁਰਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੀਤੇ ਕੱਲ੍ਹ ਤੋਂ ਹੀ ਰੇਲ ਪਟੜੀਆਂ ਤੇ ਧਰਨਾ ਦਿੱਤਾ ਹੋਇਆ ਹੈ ਜੋ ਅੱਜ ਵੀ ਜਾਰੀ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All