DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

High Court ਦੇ ਚੀਫ਼ ਜਸਟਿਸ ਦੀ ਨਿਯੁਕਤੀ ਮਾਮਲੇ ਵਿੱਚ ਦੱਬੀ ਜਾ ਰਹੀ ਹੈ ਪੰਜਾਬ ਦੀ ਆਵਾਜ਼: Bhagwant Mann

ਬਠਿੰਡਾ ਵਿੱਚ ‘ਲੋਕ ਮਿਲਣੀ’ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਦੇ ਰਵੱਈਏ ਉੱਤੇ ਚੁੱਕੇ ਸਵਾਲ

  • fb
  • twitter
  • whatsapp
  • whatsapp
Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਰਵੱਈਏ 'ਤੇ ਸਵਾਲ ਉਠਾਏ ਅਤੇ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਪੰਜਾਬ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।

ਇੱਥੇ ਘੁੱਦਾ ਪਿੰਡ ਵਿੱਚ ਆਪਣੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੀਫ਼ ਜਸਟਿਸ ਦੀ ਨਿਯੁਕਤੀ ਦੇ ਸਬੰਧ ਵਿੱਚ ਸੂਬਾ ਸਰਕਾਰ ਦੀ ਪਰਵਾਨਗੀ ਮੰਗੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵੱਲੋਂ ਪਰਵਾਨਗੀ ਨਾ ਦੇਣ ਦੇ ਬਾਵਜੂਦ ਆਖ਼ਿਰਕਾਰ ਨਿਯੁਕਤੀ ਕਰ ਦਿੱਤੀ ਗਈ।

Advertisement

ਜਸਟਿਸ (ਗੁਰਮੀਤ ਸਿੰਘ) ਸੰਧਾਵਾਲੀਆ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਕ ਪੰਜਾਬੀ ਜੱਜ ਸਨ ਅਤੇ ਪਹਿਲਾਂ ਉਨ੍ਹਾਂ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਬਾਰੇ ਵਿਚਾਰ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਸਰਕਾਰ ਨੇ ਆਪਣੀ ਸਹਿਮਤੀ ਨਹੀਂ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕਰ ਦਿੱਤਾ ਗਿਆ।

Advertisement

ਆਪਣੀ ਗੱਲ ਨੂੰ ਜਾਰੀ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪਾਣੀ ਦੀ ਸੰਭਾਲ ਵਿੱਚ ਪਹਿਲੇ ਸਥਾਨ 'ਤੇ ਹੈ। ਕੇਂਦਰੀ ਭੂਮੀਗਤ ਜਲ ਬੋਰਡ ਦੁਆਰਾ 2026 ਦੇ ਤਾਜ਼ਾ ਮੁਲਾਂਕਣ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸੂਬੇ ਨੇ ਆਪਣੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਵਿੱਚ ਮਹੱਤਵਪੂਰਨ ਸੁਧਾਰ ਦਿਖਾਇਆ ਹੈ। ਉਨ੍ਹਾਂ ਕਿਹਾ, "ਪੰਜਾਬ ਪਾਣੀ ਦੀ ਸੰਭਾਲ ਵਿੱਚ ਨੰਬਰ ਇੱਕ ਸੂਬੇ ਵਜੋਂ ਉਭਰਿਆ ਹੈ। ਅਸੀਂ ਪਾਣੀ ਕੱਢਣਾ ਘੱਟ ਕਰ ਦਿੱਤਾ ਹੈ। ਸੂਬੇ ਦੇ ਕੁਝ ਹਿੱਸਿਆਂ ਵਿੱਚ ਪਾਣੀ ਦਾ ਪੱਧਰ ਪੰਜ ਮੀਟਰ ਤੱਕ ਉੱਪਰ ਆਇਆ ਹੈ। "

ਪ੍ਰੋਗਰਾਮ ਦੌਰਾਨ, ਮੁੱਖ ਮੰਤਰੀ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਫ਼ੋਨ ਕੀਤਾ, ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸੂਬੇ ਦੀਆਂ ਨਹਿਰਾਂ ਵਿੱਚ ਪਾਣੀ ਦੇ ਵਹਾਅ ਬਾਰੇ ਵੇਰਵੇ ਮੰਗੇ। ਕ੍ਰਿਸ਼ਨ ਕੁਮਾਰ ਨੇ ਉਨ੍ਹਾਂ ਨੂੰ ਫ਼ੋਨ 'ਤੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੰਜਾਬ ਦੀਆਂ ਨਹਿਰਾਂ ਵਿੱਚ ਲਗਪਗ 40,000 ਕਿਊਸਿਕ ਪਾਣੀ ਲਗਾਤਾਰ ਵਗ ਰਿਹਾ ਹੈ। ਫ਼ੋਨ ਨੂੰ ਸਪੀਕਰ 'ਤੇ ਰੱਖ ਕੇ ਮਾਈਕ ਦੇ ਨੇੜੇ ਕੀਤਾ ਗਿਆ ਤਾਂ ਜੋ ਜਨਤਕ ਤੌਰ 'ਤੇ ਲੋਕ ਵੇਰਵੇ ਸੁਣ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪੱਧਰ ਪਹਿਲੀ ਵਾਰ ਰਿਕਾਰਡ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਘੁੱਦਾ ਬਾਦਲ ਪਰਿਵਾਰ ਦਾ ਜੱਦੀ ਪਿੰਡ ਹੈ ਅਤੇ ਸਵਾਲ ਕੀਤਾ ਕਿ ਕੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਦੇ ਇਸ ਦੀ ‘ਸੱਥ’ ਵਿੱਚ ਆਏ ਸਨ।

ਉਨ੍ਹਾਂ ਕਾਂਗਰਸ 'ਤੇ ਵੀ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਇਸ ਪਾਰਟੀ ਦੇ ਆਗੂ ਆਪਸ ਵਿੱਚ ਲੜਨ 'ਚ ਰੁੱਝੇ ਹੋਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰੋਗਰਾਮ ਤੋਂ ਬਾਅਦ ਸੋਮਵਾਰ ਨੂੰ ਗੁਰੂਗ੍ਰਾਮ ਦੀ ਜੇਲ੍ਹ ਵਿੱਚ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਲਈ ਦਿੱਲੀ ਲਈ ਰਵਾਨਾ ਹੋਣਗੇ ਅਤੇ ਉਸੇ ਦਿਨ ਵਾਪਸ ਬਠਿੰਡਾ ਆ ਜਾਣਗੇ। ਦੱਸ ਦਈਏ ਕਿ ਮੁੱਖ ਮੰਤਰੀ ਸੋਮਵਾਰ ਨੂੰ ਬਠਿੰਡਾ ਦੇ ਮਹਿਰਾਜ ਪਿੰਡ ਅਤੇ ਮੰਗਲਵਾਰ ਨੂੰ ਮਾਨਸਾ ਜ਼ਿਲ੍ਹੇ ਵਿੱਚ ‘ਲੋਕ ਮਿਲਣੀ’ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

Advertisement
×