ਹਥਿਆਰਾਂ ਦੀ ਥਾਂ ਟਰੈਕਟਰਾਂ ਤੇ ਖੇਤੀ ਉੱਤੇ ਗਾਣੇ ਗਾਉਣ ਪੰਜਾਬੀ ਗਾਇਕ: Ravneet Bittu
ਬੀਜੇਪੀ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਸਾਬਕਾ ਕੇਂਦਰੀ ਮੰਤਰੀ ਨੇ ਲੋਕਾਂ ਨੂੰ ਕੀਤੀ ਅਪੀਲ: ਅਜਿਹੇ ਗੀਤ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਵਧਾਉਣ ਲਈ ਜ਼ਿੰਮੇਵਾਰ
ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬੀ ਗਾਇਕਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਦਾ ਗੁਣਗਾਣ ਕਰਨ ਵਾਲੇ ਗਾਣੇ ਗਾਉਣੇ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਗੀਤ ਪੰਜਾਬ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਲਈ ਜ਼ਿੰਮੇਵਾਰ ਹਨ।
ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਅਸਲੇ ਨੂੰ ਹੱਲਾਸ਼ੇਰੀ ਦੇਣ ਵਾਲੇ ਗਾਣਿਆਂ ਨੂੰ ਨਕਾਰਨ ਅਤੇ "ਅਜਿਹੇ ਗਾਇਕਾਂ ਨੂੰ ਸਬਕ ਸਿਖਾਉਣ"।
ਇੱਥੇ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਗਾਇਕ ਅਜਿਹੇ ਗਾਣਿਆਂ ਤੋਂ ਮੋਟੀ ਕਮਾਈ ਕਰਕੇ ਮਹਿੰਗੀਆਂ ਗੱਡੀਆਂ ਖ਼ਰੀਦਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਸੰਗੀਤ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਕੇ ਇਹ ਗਾਇਕ ਨਸ਼ੇ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾਉਣ ਵਿੱਚ ਸਿੱਧੀ ਭੂਮਿਕਾ ਨਿਭਾ ਰਹੇ ਹਨ।
ਬਿੱਟੂ ਨੇ ਗਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਗੀਤ ਰਾਹੀਂ ਹਾਂ-ਪੱਖੀ ਮੁੱਦਿਆਂ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਸੁਝਾਅ ਦਿੱਤਾ ਕਿ ਗਾਇਕਾਂ ਨੂੰ ਟਰੈਕਟਰਾਂ, ਖੇਤੀਬਾੜੀ ਅਤੇ ਜ਼ਿੰਦਗੀ ਦੇ ਹੋਰ ਉਸਾਰੂ ਪਹਿਲੂਆਂ ’ਤੇ ਗਾਣੇ ਗਾਉਣੇ ਚਾਹੀਦੇ ਹਨ।

