Punjab ਜ਼ਿਲ੍ਹਾ ਪਰਿਸ਼ਦ ਨੂੰ ਲੱਖਾਂ ਦਾ ਚੂਨਾ: IAS ਅਫ਼ਸਰ ਦੇ ਜਾਅਲੀ ਦਸਤਖ਼ਤ ਕਰਕੇ 25 ਲੱਖ ਦਾ ਗਬਨ, ਲੇਖਾਕਾਰ ਤੇ ਕਲਰਕ ਮੁਅੱਤਲ
Punjab News: ਬੈਂਕ ਅਧਿਕਾਰੀਆਂ ਦੀ ਸਿਆਣਪ ਕਾਰਨ ਫੜੇ ਗਏ ਕਰਮਚਾਰੀ, ਐਕਸ਼ਨ ਵਿੱਚ ਪ੍ਰਸ਼ਾਸਨ
Advertisement
Punjab News: ਜ਼ਿਲਾ ਪਰਿਸ਼ਦ ਮਾਨਸਾ ਦੇ ਦੋ ਕਰਮਚਾਰੀਆਂ ਵਲੋਂ ਕਥਿਤ ਤੌਰ ’ਤੇ ਆਈ.ਏ.ਐੱਸ ਅਧਿਕਾਰੀ ਦੇ ਜਾਅਲੀ ਦਸਤਖ਼ਤ ਕਰਕੇ 25 ਲੱਖ ਰੁਪਏ ਦਾ ਗਬਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਕਰਮਚਾਰੀਆਂ ਨੇ ਇਹ ਰਕਮ ਜ਼ਿਲਾ ਪਰਿਸ਼ਦ ਦੇ ਸਰਕਾਰੀ ਖਾਤੇ ਵਿਚੋਂ ਵੱਖ ਵੱਖ ਰੂਪਾਂ ਵਿਚ ਦੋ ਵਾਰ ਆਪਣੇ ਨਿੱਜੀ ਖਾਤਿਆਂ ਵਿਚ ਪਵਾ ਲਈ, ਪਰ ਜਦੋਂ ਚੈੱਕ ਰਾਹੀਂ ਉਹ 21 ਲੱਖ ਰੁਪਏ ਕਢਵਾਉਣ ਲੱਗੇ ਤਾਂ ਬੈਂਕ ਅਧਿਕਾਰੀਆਂ ਨੂੰ ਇਸ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ। ਜਿਸ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ।
ਮਿਲੇ ਵੇਰਵਿਆਂ ਅਨੁਸਾਰ ਕਰੀਬ 3 ਮਹੀਨੇ ਪਹਿਲਾਂ ਯੋਜਨਾ ਬਣਾ ਕੇ ਜ਼ਿਲਾ ਪਰਿਸ਼ਦ ਮਾਨਸਾ ਦੇ ਲੇਖਾਕਾਰ ਰਾਕੇਸ਼ ਕੁਮਾਰ ਅਤੇ ਕਲਰਕ ਰਾਮਪਾਲ ਨੇ ਉਸ ਵੇਲੇ ਦੇ ਏ.ਡੀ.ਸੀ ਵਿਕਾਸ ਅਕਾਸ਼ ਬਾਂਸਲ ਦੇ ਜਾਅਲੀ ਦਸਤਖ਼ਤ ਕਰਕੇ ਸਰਕਾਰੀ ਖਾਤੇ ਵਿਚੋਂ 21 ਲੱਖ ਰੁਪਏ ਅਤੇ ਬਾਅਦ ਵਿਚ 4 ਲੱਖ ਰੁਪਏ ਕਢਵਾ ਕੇ ਆਪਣੇ ਖਾਤਿਆਂ ਵਿਚ ਟਰਾਂਸਫਰ ਕਰ ਲਏ। ਜਿਨ੍ਹਾਂ ਵਿਚੋਂ ਦੋਵਾਂ ਕਰਮਚਾਰੀਆਂ ਵਿੱਚੋਂ ਇਕ ਨੇ 10 ਲੱਖ ਅਤੇ ਇਕ ਨੇ 11 ਲੱਖ ਆਪਣੇ ਖਾਤੇ ਵਿਚ ਪਵਾ ਲਏ ਸਨ ਅਤੇ 4 ਲੱਖ ਰੁਪਏ ਸਰਕਾਰੀ ਖਾਤੇ ਵਿਚੋਂ ਹੋਰ ਕਢਵਾ ਲਏ ਸਨ।
ਜ਼ਿਲ੍ਹਾ ਪਰਿਸ਼ਦ ਚੇਅਰਮੈਨ ਚੁਸਪਿੰਦਰਵੀਰ ਸਿੰਘ ਚਹਿਲ ਨੇ ਦੱਸਿਆ ਕਿ ਜਦੋਂ ਇਨ੍ਹਾਂ ਕਰਮਚਾਰੀਆਂ ਨੇ ਇਹ ਰਕਮ ਆਪਣੇ ਖਾਤਿਆਂ ਵਿਚੋਂ ਕਢਵਾਉਣ ਲਈ ਬੈਂਕ ਵਿਚ ਚੈੱਕ ਲਗਾਇਆ ਤਾਂ ਬੈਂਕ ਅਧਿਕਾਰੀਆਂ ਨੂੰ ਇਸ ਤੇ ਸ਼ੱਕ ਹੋਇਆ ਤਾਂ ਉਨ੍ਹਾਂ ਇਹ ਮਾਮਲਾ ਏ.ਡੀ.ਸੀ ਵਿਕਾਸ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਸਰਕਾਰੀ ਰਕਮ ਧੋਖੇ ਨਾਲ ਕਢਵਾ ਕੇ ਖੁਦ ਵਰਤਣਾ ਚਾਹੁੰਦੇ ਸਨ। ਇਸ ਦਾ ਪਤਾ ਲੱਗਦੇ ਹੀ ਦੋਵਾਂ ਉਕਤ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਅਤੇ ਅਗਲੀ ਵਿਭਾਗੀ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਵੀ ਸ਼ਿਕਾਇਤ ਕੀਤੀ ਗਈ ਹੈ ਅਤੇ ਦੋਵੇਂ ਕਰਮਚਾਰੀਆਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿਚ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਰਮਚਾਰੀ ਜਾਣਦੇ ਸਨ ਕਿ ਉਸ ਵੇਲੇ ਦੇ ਏ.ਡੀ.ਸੀ ਵਿਕਾਸ ਅਕਾਸ਼ ਬਾਂਸਲ ਦਾ ਤਬਾਦਲਾ ਹੋ ਚੁੱਕਿਆ ਹੈ, ਜਿਸ ਕਰਕੇ ਯੋਜਨਾ ਤਹਿਤ ਉਨ੍ਹਾਂ ਇਹ ਗਬਨ ਕੀਤਾ ਤਾਂ ਕਿ ਇਸ ਦਾ ਕਿਸੇ ਨੂੰ ਕੁੱਝ ਪਤਾ ਨਹੀਂ ਲੱਗੇਗਾ। ਸ੍ਰੀ ਚਹਿਲ ਨੇ ਦੱਸਿਆ ਕਿ ਇਨ੍ਹਾਂ ਨੇ ਅਜੇ ਕੋਈ ਪੈਸਾ ਨਿੱਜੀ ਤੌਰ ਤੇ ਵਰਤਿਆ ਨਹੀਂ ਸੀ ਅਤੇ ਇਸ ਵਿਚੋਂ 10 ਲੱਖ ਦੀ ਵਾਪਸੀ ਹੋ ਗਈ ਹੈ।
Advertisement
×

