Punjab Vidhan Sabha Session: ਰੁਜ਼ਗਾਰ ਮਤਾ: ਸੱਤਾ ਤੇ ਵਿਰੋਧੀ ਧਿਰ ਦੇ ਪੇਚ ਫਸੇ
ਸਰਕਾਰ ਨੇ 68 ਹਜ਼ਾਰ ਨੌਕਰੀਆਂ ਦੇਣ ਦੇ ਹਵਾਲੇ ਨਾਲ ਆਪਣੀ ਪਿੱਠ ਥਾਪੜੀ
ਪੰਜਾਬ ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਰੁਜ਼ਗਾਰ ਦੇ ਮਤੇ ਨੂੰ ਲੈ ਕੇ ਹਾਕਮ ਅਤੇ ਵਿਰੋਧੀ ਧਿਰ ਵਿਚਕਾਰ ਪੇਚ ਫਸ ਗਿਆ। ਹਾਕਮ ਧਿਰ ਨੇ ਜਿੱਥੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬਿਨਾਂ ਕਿਸੇ ਪੱਖਪਾਤ ਜਾਂ ਸਿਫਾਰਸ਼ ਦੇ 68 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦੇ ਹਵਾਲੇ ਨਾਲ ਆਪਣੀ ਪਿੱਠ ਥਾਪੜੀ, ਉਥੇ ਵਿਰੋਧੀ ਧਿਰ ਕਾਂਗਰਸ ਨੇ ਮੰਗ ਰੱਖੀ ਕਿ ਪੰਜਾਬ ਸਰਕਾਰ ਸਾਢੇ ਚਾਰ ਸਾਲਾਂ ’ਚ ਦਿੱਤੀਆਂ ਨੌਕਰੀਆਂ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ ਤਾਂ ਜੋ ਇਹ ਪਤਾ ਲੱਗੇ ਕਿ ਨੌਕਰੀਆਂ ਹਾਸਲ ਕਰਨ ਵਾਲੇ ਕਿੰਨੇ ਪੰਜਾਬੀ ਹਨ। ਵਿਰੋਧੀ ਧਿਰਾਂ ਨੇ ਗ਼ੈਰ ਪੰਜਾਬੀਆਂ ਨੂੰ ਰੁਜ਼ਗਾਰ ਦਿੱਤੇ ਜਾਣ ਦੇ ਮੁੱਦੇ ਨੂੰ ਉਭਾਰਿਆ ਤੇ ਸਰਕਾਰੀ ਨੌਕਰੀਆਂ ਲਈ ਡੋਮੀਸਾਈਲ ਲਾਜ਼ਮੀ ਕਰਨ ਦੀ ਮੰਗ ਕੀਤੀ।
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮਾਨ ਸਰਕਾਰ ਵੱਲੋਂ ਰੁਜ਼ਗਾਰ ਪੈਦਾ ਕਰਨ, ਪਾਰਦਰਸ਼ੀ ਸ਼ਾਸਨ ਅਤੇ ਸਨਅਤੀ ਵਿਕਾਸ ’ਚ ਮਾਰੀਆਂ ਮੱਲਾਂ ਵੱਲ ਸੇਧਿਤ ਸਰਕਾਰੀ ਮਤਾ ਸਦਨ ’ਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਰਤੀ ਪ੍ਰਣਾਲੀ ਵਿਚਲੀ ਪਾਰਦਰਸ਼ਤਾ, ਬਿਨਾਂ ਪੱਖਪਾਤ ਤੇ ਸਿਫ਼ਾਰਸ਼ ਤੋਂ ਸਰਕਾਰੀ ਨੌਕਰੀਆਂ ਮਿਲਣ ਨਾਲ ਲੱਖਾਂ ਪੰਜਾਬੀ ਨੌਜਵਾਨਾਂ ’ਚ ਭਰੋਸਾ ਬਹਾਲ ਹੋਇਆ ਹੈ। ਮਤੇ ਵਿੱਚ ਸੂਬੇ ’ਚ ਪਿਛਲੇ ਸਾਢੇ ਚਾਰ ਸਾਲਾਂ ’ਚ 68,228 ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਗਿਆ। ਮਤੇ ਮੁਤਾਬਕ ਸਿੱਖਿਆ ਵਿਭਾਗ ’ਚ 16,316, ਗ੍ਰਹਿ ਵਿਭਾਗ ’ਚ 14,723, ਬਿਜਲੀ ਵਿਭਾਗ ’ਚ 8706, ਸਥਾਨਕ ਸਰਕਾਰਾਂ ਵਿਭਾਗ ’ਚ 5681 ਅਤੇ ਸਿਹਤ ਵਿਭਾਗ ’ਚ 4758 ਨੌਕਰੀਆਂ ਦਿੱਤੀਆਂ ਗਈਆਂ। ਸਾਢੇ ਚਾਰ ਸਾਲਾਂ ਵਿੱਚ 1,83,837 ਕਰੋੜ ਦੇ 9899 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਜਿਸ ਨਾਲ ਨੌਜਵਾਨਾਂ ਲਈ 6,16,436 ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
ਪ੍ਰਸ਼ਨ ਕਾਲ ਦੌਰਾਨ ਸਰਕਾਰੀ ਸਕੂਲਾਂ ’ਚ ਦਾਖ਼ਲਿਆਂ ਦਾ ਅੰਕੜਾ ਘਟਣ ਦੇ ਹਵਾਲੇ ਨਾਲ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਵਿੱਚ ਸਖ਼ਤ ਰਿਹਾਇਸ਼ੀ ਕਾਨੂੰਨਾਂ (ਡੋਮੀਸਾਈਲ ਕਾਨੂੰਨਾਂ) ਕਾਰਨ ਪੰਜਾਬੀ ਜ਼ਮੀਨ ਵੀ ਨਹੀਂ ਖ਼ਰੀਦ ਸਕਦੇ, ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਤਾਂ ਜੋ ਗੈਰ ਪੰਜਾਬੀਆਂ ਨੂੰ ਮਿਲੇ ਰੁਜ਼ਗਾਰ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਸਰਕਾਰੀ ਖੇਤਰ ਵਿੱਚ ਸਿਰਫ਼ ਪੰਜਾਬ ਦੇ ਮੂਲ ਨਿਵਾਸੀ ਨੌਜਵਾਨਾਂ, ਜਿਨ੍ਹਾਂ ਨੇ ਪੰਜਾਬ ਤੋਂ ਹੀ ਦਸਵੀਂ ਅਤੇ ਗ੍ਰੈਜੂਏਸ਼ਨ ਕੀਤੀ ਹੋਵੇ, ਨੂੰ ਹੀ ਭਰਤੀ ਕੀਤਾ ਜਾਵੇ। ਉਨ੍ਹਾਂ ਸਫ਼ਾਈ ਸੇਵਕਾਂ, ਮਗਨਰੇਗਾ ਅਤੇ ਹੋਰਨਾਂ ਵਰਗਾਂ ਦੇ ਪ੍ਰਦਰਸ਼ਨਾਂ ਦਾ ਵੀ ਜ਼ਿਕਰ ਕੀਤਾ। ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਕਿਹਾ ਕਿ ਜੇ ਪਿਛਲੇ ਸਮੇਂ ਵਿੱਚ ਕੀਤੀਆਂ ਭਰਤੀ ’ਚ ਕੋਈ ਗੜਬੜ ਸੀ ਤਾਂ ਉਨ੍ਹਾਂ ਖ਼ਿਲਾਫ਼ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ। ਮਤੇ ’ਤੇ ਬਹਿਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸੁਖਪਾਲ ਸਿੰਘ ਖਹਿਰਾ ਵਿੱਚ ਤਲਖ਼ੀ ਦੇਖਣ ਨੂੰ ਮਿਲੀ। ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਅਵਤਾਰ ਸਿੰਘ ਜੂਨੀਅਰ ਦਰਮਿਆਨ ਵੀ ਨੋਕ ਝੋਕ ਹੋਈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਹਿਸ ਦੌਰਾਨ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ, ਉਸ ਸਮੇਂ ਦੇ ਕਾਂਗਰਸੀ (ਹੁਣ ਭਾਜਪਾ ਵਿੱਚ) ਆਗੂ ਰਵਨੀਤ ਸਿੰਘ ਬਿੱਟੂ ਨੇ ਆਪਣੇ ਭਰਾ ਨੂੰ ਪੰਜਾਬ ਪੁਲੀਸ ਵਿੱਚ ਨੌਕਰੀ ਦਿਵਾਈ ਸੀ, ਜਦੋਂ ਕਿ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਜਵਾਈ ਨੂੰ ਸਰਕਾਰੀ ਨੌਕਰੀ ਦਿਵਾਈ ਸੀ। ਚੀਮਾ ਨੇ ਕਿਹਾ ਕਿ ‘ਅਸੀਂ ਉਸ ਯੁੱਗ ਦਾ ਅੰਤ ਕਰ ਦਿੱਤਾ। ਹੁਣ ਸਿਰਫ਼ ਹੋਣਹਾਰ ਬੱਚਿਆਂ ਨੂੰ ਹੀ ਨੌਕਰੀਆਂ ਮਿਲ ਰਹੀਆਂ ਹਨ।’
ਮੰਤਰੀ ਅਮਨ ਅਰੋੜਾ ਨੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ’ਚ ਅਜਿਹਾ ਮਾਹੌਲ ਸਿਰਜਿਆ ਹੈ, ਜਿੱਥੇ ਬਿਨਾਂ ਕਿਸੇ ਪੱਖਪਾਤ ਤੋਂ ਨੌਜਵਾਨਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਰੁਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਪੰਜਾਬ ’ਚ ਆਏ ਨਿਵੇਸ਼ ਦਾ ਵਿਸਥਾਰ ਵੀ ਦਿੱਤਾ। ਉਨ੍ਹਾਂ ਕਿਹਾ ਕਿ ‘ਕਾਂਗਰਸ 2017 ਵਿੱਚ ‘ਕੈਪਟਨ ਨੇ ਸਹੁੰ ਚੁੱਕੀ, ਘਰ-ਘਰ ਨੌਕਰੀ ਪੱਕੀ’ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਸੀ, ਪਰ ਨੌਕਰੀਆਂ ਸਿਰਫ਼ ਕਾਂਗਰਸੀ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਮਿਲੀਆਂ ਸਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸ਼ਾਇਰ ਨਵਤੇਜ ਭਾਰਤੀ ਅਤੇ ਸੁਰਜੀਤ ਪਾਤਰ ਦੀਆਂ ਨਜ਼ਮਾਂ ਦੇ ਹਵਾਲੇ ਨਾਲ ਰੁਜ਼ਗਾਰ ਦੀ ਮਹੱਤਤਾ ਦਾ ਜ਼ਿਕਰ ਕੀਤਾ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਕਿਹਾ ਕਿ ਬਾਊਂਸਰਾਂ ਨੂੰ ਸਰਕਾਰ ਸਿਖਲਾਈ ਦੇ ਕੇ ਮਾਨਤਾ ਦੇਵੇ ਅਤੇ ਇਸ ਨਾਲ ਅਪਰਾਧ ਨੂੰ ਠੱਲ੍ਹ ਪਵੇਗੀ।
ਗਨੀਵ ਕੌਰ ਦੇ ਸਵਾਲਾਂ ਤੋਂ ਸਦਨ ’ਚ ਹੰਗਾਮਾ
ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਵੱਲੋਂ ਸਿਫ਼ਰ ਕਾਲ ਦੌਰਾਨ ਸ੍ਰੀ ਜਾਗਤ ਜੋਤ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਐਕਟ ਵਿੱਚ ਸੋਧ ਦੇ ਹਵਾਲੇ ਨਾਲ ਹਾਕਮ ਧਿਰ ’ਤੇ ਸਵਾਲ ਖੜ੍ਹੇ ਕੀਤੇ ਜਾਣ ਨਾਲ ਸਦਨ ਵਿੱਚ ਹੰਗਾਮਾ ਹੋ ਗਿਆ। ਵਿਰੋਧੀ ਧਿਰ ਦੇ ਗਨੀਵ ਕੌਰ ਦੀ ਹਮਾਇਤ ਵਿੱਚ ਨਿੱਤਰਨ ਨਾਲ ਸਰਕਾਰ ਅਚਾਨਕ ਘਿਰ ਗਈ। ਗਨੀਵ ਨੇ ਜਦੋਂ ਕਿਹਾ ਕਿ ‘ਕੀ ਗੁਰੂ ਦੋਖੀ ਸਰਕਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲਵੇਗੀ?’ ਤਾਂ ਸਦਨ ਦਾ ਮਾਹੌਲ ਤਲਖ ਹੋ ਗਿਆ। ਉਨ੍ਹਾਂ ਕਿਹਾ, ‘‘ਕੀ ਸਰਕਾਰ ਅਕਾਲ ਤਖਤ ਨੂੰ ਚੈਲੇਂਜ ਕਰੇਗੀ?’’ ਸਦਨ ’ਚ ਉਦੋਂ ਘੁਸਰ ਮੁਸਰ ਸ਼ੁਰੂ ਹੋ ਗਈ ਜਦੋਂ ਗਨੀਵ ਕੌਰ ਨੇ ਸੰਗਤ ਦੇ ਕੇਂਦਰੀ ਭਾਵ ’ਤੇ ਚਾਣਨਾ ਪਾਉਣਾ ਸ਼ੁਰੂ ਕੀਤਾ ਅਤੇ ਸਦਨ ’ਚ ਬੈਠੇ ਵਿਧਾਇਕਾਂ ਨੂੰ ਸੰਗਤ ਦੀ ਪਰਿਭਾਸ਼ਾ ’ਚੋਂ ਬਾਹਰ ਕਰ ਦਿੱਤਾ। ਉਨ੍ਹਾਂ, ਉਸ ਵਚਨਬੱਧਤਾ ਬਾਰੇ ਜਾਣਨਾ ਚਾਹਿਆ ਜੋ ਹਾਕਮ ਪਾਰਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਸਾਹਮਣੇ ਪੇਸ਼ ਹੋਣ ਵੇਲੇ ਪ੍ਰਗਟਾਈ ਸੀ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਖਲ ਦਿੰਦਿਆਂ ਕਿਹਾ ਕਿ ‘ਤੁਹਾਨੂੰ ਪੰਥਕ ਰਹੁ-ਰੀਤਾਂ ਬਾਰੇ ਠੀਕ ਜਾਣਕਾਰੀ ਨਹੀਂ ਹੈ ਤੇ ਤੁਸੀਂ ਆਪਣਾ ਗਿਆਨ ਠੀਕ ਕਰੋ। ਅਕਾਲ ਤਖਤ ਨੂੰ ਚੈਲੇਂਜ ਕਰਨ ਦੀ ਕਿਸੇ ਦੀ ਹਿੰਮਤ ਨਹੀਂ।’ ਵਿਧਾਇਕ
ਕੁਲਦੀਪ ਸਿੰਘ ਧਾਲੀਵਾਲ ਨੇ ਗਨੀਵ ਕੌਰ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ‘ਤਖਤ ਨੂੰ ਚੈਲੇਂਜ ਤੁਹਾਡੇ ਰਿਸ਼ਤੇਦਾਰਾਂ, ਬਾਦਲ ਪਰਿਵਾਰ ਨੇ ਕੀਤਾ ਸੀ।’ ਸਦਨ ਦਾ ਤਲਖ ਮਾਹੌਲ ਛੇਤੀ ਹੀ ਹੰਗਾਮੇ ’ਚ ਤਬਦੀਲ ਹੋ ਗਿਆ। ਸਮੁੱਚੀ ਵਿਰੋਧੀ ਧਿਰ ਇਕਜੁੱਟ ਹੋ ਗਈ ਅਤੇ ਸਪੀਕਰ ਵੈੱਲ ’ਚ ਆ ਗਈ। ਕਾਂਗਰਸੀ ਮੈਂਬਰਾਂ ਤੋਂ ਇਲਾਵਾ ਗਨੀਵ ਕੌਰ ਨਾਲ ਮਨਪ੍ਰੀਤ ਸਿੰਘ ਇਆਲੀ ਨੇ ਵੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦੇ ਵਿਧਾਇਕ ਬਿੱਲ ਵਿੱਚ ਸੋਧਾਂ ਕਰਨ ਦੇ ਵਾਅਦੇ ਤੋਂ ਪਿੱਛੇ ਹਟਣ ’ਤੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰ ਰਹੇ ਸਨ। ਹੰਗਾਮੇ ਕਰ ਕੇ ਸਦਨ ਦੀ ਕਾਰਵਾਈ ’ਚ ਵੀ ਦੋ ਵਾਰ ਅੜਿੱਕਾ ਪਿਆ। ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ’ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਪੱਸ਼ਟ ਕੀਤਾ ਕਿ ਅਕਾਲ ਤਖ਼ਤ ਸਰਵਉੱਚ ਹੈ ਅਤੇ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਵਿੱਚ ਤਬਦੀਲੀਆਂ ਕਰਨ ਦੇ ਮਾਮਲੇ ’ਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੀ ਹੈ।

