Punjab SIR protest: ਵੋਟਾਂ ਦੀ ਕਥਿਤ ਕਟੌਤੀ ਖ਼ਿਲਾਫ਼ ਬਠਿੰਡਾ ਵਿੱਚ ਕਾਂਗਰਸ ਵੱਲੋਂ ਪ੍ਰਦਰਸ਼ਨ
ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਪਾਸੇ ਕਰਨ ਦੀ ਮੰਗ; ਮੋਦੀ ਤੇ ਮੁੱਖ ਚੋਣ ਕਮਿਸ਼ਨਰ ਦੇ ਪੁਤਲੇ ਫੂਕੇ
ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੋਟਰ ਸੂਚੀਆਂ ਵਿੱਚ ਕਥਿਤ ਗੜਬੜੀਆਂ ਅਤੇ ਵੋਟਾਂ ਕੱਟੇ ਜਾਣ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਵੱਲੋਂ ਅੱਜ ਬਠਿੰਡਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਪੁਤਲੇ ਫੂਕੇ। ਉਪਰੰਤ ਰਾਸ਼ਟਰਪਤੀ ਦੇ ਨਾਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਦੀ ਨਿਰਪੱਖ ਜਾਂਚ ਅਤੇ ਕਥਿਤ ਤੌਰ ’ਤੇ ਕੱਟੀਆਂ ਵੋਟਾਂ ਬਹਾਲ ਕਰਨ ਦੀ ਮੰਗ ਕੀਤੀ ਗਈ।
ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਕਾਂਗਰਸ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਅਤੇ (ਦਿਹਾਤੀ) ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਤੋਂ ਇਲਾਵਾ ਪੀ.ਪੀ.ਸੀ.ਸੀ. ਦੇ ਡੈਲੀਗੇਟ ਕੇ.ਕੇ. ਅਗਰਵਾਲ, ਜ਼ਿਲ੍ਹਾ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਮਾਰਕਫ਼ੈੱਡ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ, ਅਸ਼ੋਕ ਕੁਮਾਰ ਅਤੇ ਪਵਨ ਮਾਨੀ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਗੜਬੜੀਆਂ ਲੋਕਾਂ ਦੇ ਵੋਟ ਦੇ ਅਧਿਕਾਰ ਨਾਲ ਜੁੜਿਆ ਗੰਭੀਰ ਮਾਮਲਾ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਵੋਟਰ ਸੂਚੀਆਂ ਵਿੱਚ ਗੜਬੜੀਆਂ ਕਰਵਾ ਕੇ ਆਪਣੇ ਸਿਆਸੀ ਹਿੱਤ ਸਾਧਣਾ ਚਾਹੁੰਦੀ ਹੈ। ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਵੀ ਸਵਾਲ ਉਠਾਉਂਦਿਆਂ ਦੋਸ਼ ਲਾਇਆ ਕਿ ਉਹ ਭਾਜਪਾ ਦੇ ਹਿੱਤਾਂ ਅਨੁਸਾਰ ਕੰਮ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਪਾਸੇ ਕਰਕੇ ਨਿਰਪੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਜਾਵੇ, ਕੱਟੀਆਂ ਗਈਆਂ ਵੋਟਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਹ ਮੁੱਦਾ ਆਉਂਦੀਆਂ ਵਿਧਾਨ ਸਭਾ ਚੋਣਾਂ ਅਤੇ ਸੰਸਦ ਦੇ ਸੈਸ਼ਨ ਦੌਰਾਨ ਵੀ ਉਠਾਇਆ ਜਾਵੇਗਾ। ਕਾਂਗਰਸੀ ਆਗੂਆਂ ਨੇ ਗਿਆਨੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਵਿਰਕ, ਮਾਧਵ ਸ਼ਰਮਾ, ਦਰਸ਼ਨ ਸਿੰਘ, ਸੁਰਿੰਦਰਜੀਤ ਸਾਹਨੀ, ਅਵਤਾਰ ਗੋਨਿਆਣਾ, ਲਖਵਿੰਦਰ ਲੱਖਾ, ਰਾਜਵੀਰ ਸੇਖ਼ਪੁਰਾ, ਪਰਵਿੰਦਰ ਸਿੰਘ, ਜਗਮੀਤ ਸਿੰਘ, ਨਰੇਸ਼ ਗਰਗ, ਜਸ ਬੱਜੋਆਣਾ, ਕਿਰਨਜੀਤ ਗਹਿਰੀ, ਬਲਵੰਤ ਰਾਏ ਨਾਥ, ਬਲਜਿੰਦਰ ਠੇਕੇਦਾਰ, ਹਰਵਿੰਦਰ ਨੱਡੂ, ਦੁਪਿੰਦਰ ਮਿਸ਼ਰਾ, ਹਰੀ ਓਮ ਕਪੂਰ, ਹਰਪਾਲ ਬਾਜਵਾ, ਸੁਖਦੇਵ ਸਿੰਘ ਸੁੱਖਾ ਸਮੇਤ ਕਾਂਗਰਸ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

