DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Power Crisis: ਪੰਜਾਬ ਵਿੱਚ ਬਿਜਲੀ ਸੰਕਟ ਵਧਿਆ; ਮੰਗ ਵਧ ਕੇ 16,000 ਮੈਗਾਵਾਟ ਹੋਈ

ਦੋ ਪ੍ਰਾਈਵੇਟ ਥਰਮਲ ਯੂਨਿਟ ਬੰਦ; ਪੰਜਾਬ ਵਿਚ ਵੱਖ ਵੱਖ ਥਾਈਂ ਲੱਗ ਰਹੇ ਹਨ ਬਿਜਲੀ ਦੇ ਕੱਟ; ਲੋਕ ਪ੍ਰੇਸ਼ਾਨ

  • fb
  • twitter
  • whatsapp
  • whatsapp
featured-img featured-img
ਜਲੰਧਰ ਵਿੱਚ ਫਾਈਬਰ ਬਦਲਣ ਲਈ ਬਿਜਲੀ ਦੇ ਖੰਭਿਆਂ 'ਤੇ ਕੰਮ ਕਰਦੇ ਹੋਏ PSPCL ਦੇ ਕਰਮਚਾਰੀ। ਫੋਟੋ: ਮਲਕੀਅਤ ਸਿੰਘ
Advertisement

Punjab Power Crisis: ਪੰਜਾਬ ਵਿਚ ਸਤੰਬਰ ਮਹੀਨੇ ਵਿੱਚ ਬਿਜਲੀ ਦੀ ਮੰਗ ਬਹੁਤ ਵਧ ਗਈ ਹੈ। ਗਰਮੀ ਤੇ ਤਾਪਮਾਨ ਵਧਣ ਅਤੇ ਮੀਂਹ ਦੀ ਘਾਟ ਕਾਰਨ ਸੂਬੇ ਵਿੱਚ ਬਿਜਲੀ ਦੀ ਖਪਤ 16,000 ਮੈਗਾਵਾਟ ਤੋਂ ਉੱਪਰ ਚੱਲ ਰਹੀ ਹੈ। ਦੂਜੇ ਪਾਸੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਦੋ ਯੂਨਿਟ ਬੰਦ ਹੋਣ ਕਾਰਨ ਸੂਬੇ ਦੀ ਬਿਜਲੀ ਸਪਲਾਈ ਦੀ ਸਥਿਤੀ ਵਿਚ ਸੁਧਾਰ ਨਹੀਂ ਹੋ ਰਿਹਾ।

ਮੌਜੂਦਾ ਸਤੰਬਰ ਮਹੀਨੇ ਦੌਰਾਨ ਸੂਬੇ ਦੀ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਲਗਪਗ 4,000 ਮੈਗਾਵਾਟ ਵੱਧ ਹੈ, ਜਿਸ ਨਾਲ ਪਾਵਰ ਸਿਸਟਮ 'ਤੇ ਵਾਧੂ ਦਬਾਅ ਪੈ ਰਿਹਾ ਹੈ। ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵੱਖ-ਵੱਖ ਸਰੋਤਾਂ ਤੋਂ ਬਿਜਲੀ ਦੀ ਖਰੀਦ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਦੁਪਹਿਰ ਤੱਕ ਕੇਂਦਰੀ ਪੂਲ ਤੋਂ 11,962 ਮੈਗਾਵਾਟ ਬਿਜਲੀ ਖਰੀਦੀ ਜਾ ਚੁੱਕੀ ਸੀ।

Advertisement

ਤਕਨੀਕੀ ਖਰਾਬੀ ਕਾਰਨ ਉਤਪਾਦਨ ਵਿੱਚ ਘਾਟ ਅਤੇ ਸੂਬੇ ਵਿਚ ਬਿਜਲੀ ਕੱਟ

ਤਕਨੀਕੀ ਸਮੱਸਿਆਵਾਂ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਦੋ ਉਤਪਾਦਨ ਯੂਨਿਟ ਬੰਦ ਹੋਣ ਕਾਰਨ ਸਥਿਤੀ ਹੋਰ ਗੰਭੀਰ ਹੋ ਗਈ ਹੈ। ਨਾਭਾ ਥਰਮਲ ਪਲਾਂਟ ਦਾ 700 ਮੈਗਾਵਾਟ ਦਾ ਯੂਨਿਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ 660 ਮੈਗਾਵਾਟ ਦਾ ਯੂਨਿਟ ਇਸ ਸਮੇਂ ਬੰਦ ਪਏ ਹਨ, ਜਿਸ ਨਾਲ ਕੁੱਲ 1,360 ਮੈਗਾਵਾਟ ਦੇ ਉਤਪਾਦਨ ਦਾ ਨੁਕਸਾਨ ਹੋਇਆ ਹੈ।

Advertisement

ਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ (ਜਨਰੇਸ਼ਨ) ਪੀ ਐਸ ਬਰਾੜ ਨੇ ਕਿਹਾ ਕਿ ਨਾਭਾ ਪਲਾਂਟ ਦੇ 700 ਮੈਗਾਵਾਟ ਵਾਲੇ ਯੂਨਿਟ ਨੂੰ, ਜਿਸ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਸ਼ਨਿਚਰਵਾਰ ਰਾਤ ਜਾਂ ਐਤਵਾਰ ਸਵੇਰ ਤੱਕ ਮੁੜ ਚਾਲੂ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਪਲਾਂਟ ਦੇ 660 ਮੈਗਾਵਾਟ ਵਾਲੇ ਯੂਨਿਟ ਨੂੰ ਵੀ ਐਤਵਾਰ ਰਾਤ ਤੱਕ ਚਾਲੂ ਕਰ ਲਿਆ ਜਾਵੇਗਾ।

ਕੋਲੇ ਦੀ ਸਥਿਤੀ ਬਾਰੇ ਬਰਾੜ ਨੇ ਕਿਹਾ ਕਿ ਨਾਭਾ ਥਰਮਲ ਪਲਾਂਟ ਨੂੰ ਲੋੜੀਂਦਾ ਕੋਲਾ ਮਿਲ ਚੁੱਕਾ ਹੈ, ਜਦੋਂ ਕਿ ਤਲਵੰਡੀ ਸਾਬੋ ਪਲਾਂਟ ਨੂੰ ਵੀ ਰੋਜ਼ਾਨਾ ਆਧਾਰ 'ਤੇ ਕੋਲਾ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਪ੍ਰਭਾਵਿਤ ਯੂਨਿਟਾਂ ਦੇ ਮੁੜ ਚਾਲੂ ਹੋਣ ਤੋਂ ਬਾਅਦ ਦੋਵੇਂ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਕਰਨ ਦੇ ਯੋਗ ਹੋ ਜਾਣਗੇ।

ਬਰਾੜ ਨੇ ਮੰਨਿਆ ਕਿ ਉੱਚ ਮੰਗ ਅਤੇ ਪ੍ਰਭਾਵਿਤ ਥਰਮਲ ਯੂਨਿਟਾਂ ਤੋਂ ਘੱਟ ਉਪਲਬਧਤਾ ਕਾਰਨ ਪੀ.ਐੱਸ.ਪੀ.ਸੀ.ਐੱਲ. ਨੂੰ ਇਸ ਸਮੇਂ ਕੁਝ ਖੇਤਰਾਂ ਵਿੱਚ ਬਿਜਲੀ ਪਾਬੰਦੀਆਂ (ਕੱਟ) ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਥਰਮਲ ਯੂਨਿਟਾਂ ਦੇ ਉਤਪਾਦਨ ਮੁੜ ਸ਼ੁਰੂ ਕਰਨ ਤੋਂ ਬਾਅਦ ਇਹ ਪਾਬੰਦੀਆਂ ਹਟਾ ਲਈਆਂ ਜਾਣਗੀਆਂ।

ਇਸ ਉੱਚ ਮੰਗ ਦੇ ਬਾਵਜੂਦ ਸਰਕਾਰੀ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸਟਾਕ ਹੈ। ਹਾਲਾਂਕਿ, ਕੁਝ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਘਟ ਰਿਹਾ ਕੋਲੇ ਦਾ ਸਟਾਕ ਨਿਰੰਤਰ ਬਿਜਲੀ ਉਤਪਾਦਨ ਬਾਰੇ ਚਿੰਤਾਵਾਂ ਨੂੰ ਵਧਾ ਰਿਹਾ ਹੈ। ਬਿਜਲੀ ਦੀ ਇਸ ਸਥਿਤੀ ਕਾਰਨ ਕੁਝ ਉਦਯੋਗਿਕ ਖੇਤਰਾਂ ਵਿੱਚ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿੱਥੇ ਕੁਝ ਉਦਯੋਗਿਕ ਖਪਤਕਾਰਾਂ ਨੂੰ 10 ਘੰਟੇ ਤੋਂ ਵੱਧ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੂਜੇ ਪਾਸੇ, ਪੇਂਡੂ ਖੇਤਰਾਂ ਵਿੱਚ ਲੰਬੇ ਅਤੇ ਵਧੇਰੇ ਵਾਰ-ਵਾਰ ਬਿਜਲੀ ਕੱਟ ਲੱਗ ਰਹੇ ਹਨ, ਜਿਸ ਨਾਲ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ, ਖਾਸ ਕਰਕੇ ਅਜਿਹੇ ਸਮੇਂ ਜਦੋਂ ਤਾਪਮਾਨ ਉੱਚਾ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਸਪਲਾਈ ਨੂੰ ਬਣਾਈ ਰੱਖਣ ਅਤੇ ਮੰਗ-ਸਪਲਾਈ ਦੇ ਪਾੜੇ ਨੂੰ ਘਟਾਉਣ ਲਈ ਕੇਂਦਰੀ ਪੂਲ ਤੋਂ ਬਿਜਲੀ ਦੀ ਖਰੀਦ ਦੇ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰ ਰਹੀ ਹੈ। ਦੋਵਾਂ ਪ੍ਰਾਈਵੇਟ ਥਰਮਲ ਯੂਨਿਟਾਂ ਦੇ ਮੁੜ ਚਾਲੂ ਹੋਣ ਨਾਲ 1,360 ਮੈਗਾਵਾਟ ਦੀ ਵਾਧੂ ਉਤਪਾਦਨ ਸਮਰੱਥਾ ਮਿਲਣ ਦੀ ਉਮੀਦ ਹੈ ਜਿਸ ਨਾਲ ਸਿਸਟਮ 'ਤੇ ਦਬਾਅ ਘੱਟ ਹੋਵੇਗਾ।

ਅਮਨ ਅਰੋੜਾ ਨੇ ਕੇਂਦਰ ਸਰਕਾਰ ਉੱਤੇ ਕੋਲੇ ਦੀ ਪੂਰੀ ਸਪਲਾੲਂੀ ਨਾ ਕਰਨ ਦੇ ਦੋਸ਼ ਲਾਏ

ਬਿਜਲੀ ਦੀ ਸਥਿਤੀ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਕੋਲੇ ਦੀ ਸਪਲਾਈ ਦੀ ਘਾਟ ਹੈ ਅਤੇ ਉਨ੍ਹਾਂ ਨੇ ਇਸ ਦਾ ਜ਼ਿੰਮੇਵਾਰ ਕੇਂਦਰ ਸਰਕਾਰ ਨੂੰ ਠਹਿਰਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਲਾ ਦਰਾਮਦ ਕਰਨਾ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਨੂੰ ਪੰਜਾਬ ਲਈ ਲੋੜੀਂਦੀ ਕੋਲਾ ਸਪਲਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਰਾਜ ਦੇ ਤਲਵੰਡੀ ਸਾਬੋ ਅਤੇ ਰਾਜਪੁਰਾ ਦੇ ਦੋ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ 'ਪਛਵਾੜਾ' ਕੋਲਾ ਖਾਨ ਦੀ ਕੋਲਾ ਸਪਲਾਈ ਵਰਤਣ ਦੀ ਆਗਿਆ ਦੇਵੇ, ਜੋ ਕਿ ਆਮ ਤੌਰ 'ਤੇ ਸਰਕਾਰੀ ਮਲਕੀਅਤ ਵਾਲੇ ਪਲਾਂਟਾਂ ਲਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਪੰਜਾਬ ਨੂੰ ਲੋੜੀਂਦੀ ਕੋਲਾ ਸਪਲਾਈ ਮਿਲੀ ਅਤੇ ਨਾ ਹੀ ਦੋਵਾਂ ਪਲਾਂਟਾਂ ਨੂੰ ਕੋਲਾ ਵਰਤਣ ਦੀ ਇਜਾਜ਼ਤ ਦਿੱਤੀ ਗਈ।

Punjab Power Crisis: ਪੰਜਾਬ ਵਿੱਚ ਬਿਜਲੀ ਸੰਕਟ ਡੂੰਘਾ ਹੋਇਆ

Advertisement
×