Punjab Power Crisis: ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਪੰਜਾਬ ਵਿੱਚ ਬਿਜਲੀ ਦੀ ਕੋਈ ਕਿੱਲਤ ਨਹੀਂ: ਤਰੁਣਪ੍ਰੀਤ ਸਿੰਘ ਸੌਂਦ
ਬਿਜਲੀ ਮੰਤਰੀ ਨੇ ਵਧਦੀ ਮੰਗ ਦੇ ਬਾਵਜੂਦ ਸਪਲਾਈ ਚਾਲੂ ਰਹਿਣ ਦਾ ਕੀਤਾ ਦਾਅਵਾ
ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਅੱਜ ਕਿਹਾ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ (ਸਮਰੱਥਾ 150 ਮੈਗਾਵਾਟ) ਦੇ ਬੰਦ ਹੋਣ ਦੇ ਬਾਵਜੂਦ ਸੂਬੇ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਕਿੱਲਤ ਕਾਰਨ ਕਿਤੇ ਵੀ ਕੋਈ ਬਿਜਲੀ ਕੱਟ ਨਹੀਂ ਲਗਾਇਆ ਗਿਆ।
ਬਿਜਲੀ ਮੰਤਰੀ ਨੇ ਦੱਸਿਆ ਕਿ ਰੋਪੜ ਪਲਾਂਟ ਦੇ ਦੋਵੇਂ ਯੂਨਿਟ ਬੰਦ ਹਨ ਪਰ ਇਨ੍ਹਾਂ ਵਿੱਚੋਂ ਇੱਕ ਯੂਨਿਟ ਕੱਲ੍ਹ ਸਵੇਰ ਤੱਕ ਅਤੇ ਦੂਜਾ ਕੁਝ ਦਿਨਾਂ ਵਿੱਚ ਚਾਲੂ ਹੋ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਬਾਵਜੂਦ ਲੋਕਾਂ ਨੂੰ ਬਿਜਲੀ ਦੀ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।
ਸੂਬੇ ਦੀ ਬਿਜਲੀ ਮੰਗ ਪੂਰੀ ਕਰਨ ਦੀ ਸਮਰੱਥਾ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ 12 ਸਤੰਬਰ ਨੂੰ 16,268 ਮੈਗਾਵਾਟ, 13 ਸਤੰਬਰ ਨੂੰ 16,455 ਮੈਗਾਵਾਟ ਅਤੇ 14 ਸਤੰਬਰ ਨੂੰ ਦੁਪਹਿਰ 3 ਵਜੇ 17,281 ਮੈਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ। 14 ਸਤੰਬਰ ਨੂੰ ਪੂਰੀ ਕੀਤੀ ਗਈ 17,281 ਮੈਗਾਵਾਟ ਦੀ ਮੰਗ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਹੈ।
ਦੂਜੇ ਪਾਸੇ, ਉਦਯੋਗਾਂ ਅਤੇ ਕਿਸਾਨਾਂ ਸਮੇਤ ਕੁਝ ਖਪਤਕਾਰ ਵਰਗਾਂ ਵੱਲੋਂ ਅਣਐਲਾਨੇ ਬਿਜਲੀ ਕੱਟ ਲੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਾਹਿਰਾਂ ਅਤੇ ਬਿਜਲੀ ਇੰਜਨੀਅਰਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਭਾਰੀ ਮੰਗ ਕਾਰਨ ਸ਼ਾਮ ਵੇਲੇ ਸੂਰਜੀ ਊਰਜਾ (ਸੋਲਰ ਪਾਵਰ) ਉਪਲਬਧ ਨਾ ਹੋਣ ਕਾਰਨ ਕੁਝ ਖਾਸ ਵਰਗਾਂ 'ਤੇ ਬਿਜਲੀ ਦੀਆਂ ਪਾਬੰਦੀਆਂ ਲੱਗ ਜਾਂਦੀਆਂ ਹਨ।
ਇਸ ਤੋਂ ਇਲਾਵਾ, ਐਨਰਜੀ ਐਕਸਚੇਂਜ 'ਤੇ ਬਿਜਲੀ ਮਹਿੰਗੀ ਹੋਣ ਕਾਰਨ ਪੀ.ਐੱਸ.ਪੀ.ਸੀ.ਐੱਲ. (PSPCL) ਵੱਲੋਂ ਸੀਮਤ ਖਰੀਦ ਕੀਤੀ ਜਾਂਦੀ ਹੈ। ਤਕਨੀਕੀ ਖ਼ਰਾਬੀਆਂ ਅਤੇ ਨੁਕਸਾਂ ਕਾਰਨ ਰਾਤ ਵੇਲੇ ਵੀ ਬਿਜਲੀ ਦੀ ਮੰਗ ਪ੍ਰਭਾਵਿਤ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਕਈ ਵਾਰ ਅਣਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

