ਪੰਜਾਬ ਪੁਲੀਸ ਨੇ ਆਗੂਆਂ, ਜਥੇਦਾਰਾਂ ਅਤੇ ਅਫਸਰਾਂ ਦੀ ਸੁਰੱਖਿਆ ਘਟਾਈ

ਪੰਜਾਬ ਦੀਆਂ 424 ਹਸਤੀਆਂ ਦੀ ਸੁਰੱਖਿਆ ਵਿੱਚ ਹੋਈ ਕਟੌਤੀ

ਪੰਜਾਬ ਪੁਲੀਸ ਨੇ ਆਗੂਆਂ, ਜਥੇਦਾਰਾਂ ਅਤੇ ਅਫਸਰਾਂ ਦੀ ਸੁਰੱਖਿਆ ਘਟਾਈ

ਦਵਿੰਦਰ ਪਾਲ

ਚੰਡੀਗੜ੍ਹ, 28 ਮਈ

ਪੰਜਾਬ ਪੁਲੀਸ ਨੇ ਅੱਜ ਸੂਬੇ ਦੇ ਸਿਆਸਤਦਾਨਾਂ, ਡੇਰੇਦਾਰਾਂ, ਸੇਵਾਮੁਕਤ ਸਿਵਲ ਅਤੇ ਪੁਲੀਸ ਅਫ਼ਸਰਾਂ ਸਮੇਤ ਤਖ਼ਤਾਂ ਦੇ ਜਥੇਦਾਰਾਂ ਦੀ ਸੁਰੱਖਿਆ ’ਚ ਵੱਡੀ ਕਟੌਤੀ ਕੀਤੀ ਹੈ। ਕਈ ਹਸਤੀਆਂ ਦੀ ਸੁਰੱਖਿਆ ਵਾਪਸ ਵੀ ਲੈ ਲਈ ਗਈ ਹੈ। ਸਰਕਾਰ ਦੇ ਨਿਰਦੇਸ਼ਾਂ ’ਤੇ ਪੁਲੀਸ ਵੱਲੋਂ 424 ਵਿਅਕਤੀਆਂ ਦੀ ਸੁਰੱਖਿਆ ਘਟਾਈ ਜਾਂ ਵਾਪਸ ਲਈ ਗਈ ਹੈ। ਸੁਰੱਖਿਆ ਲਈ ਤਾਇਨਾਤ 500 ਤੋਂ ਵੱਧ ਪੁਲੀਸ ਕਰਮਚਾਰੀਆਂ ਨੂੰ ਪੁਲੀਸ ਦੀ ਡਿਊਟੀ ’ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਧੀਕ ਡੀਜੀਪੀ (ਸੁਰੱਖਿਆ) ਵੱਲੋਂ ਜਾਰੀ ਪੱਤਰ ਮੁਤਾਬਕ ਜਿਨ੍ਹਾਂ ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆ ’ਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਵਾਪਸ ਸੱਦਿਆ ਗਿਆ ਹੈ, ਉਨ੍ਹਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹੋਰ ਆਗੂ ਸ਼ਾਮਲ ਹਨ। ਡੇਰਾ ਰਾਧਾ ਸੁਆਮੀ ਬਿਆਸ ਦੀ ਸੁਰੱਖਿਆ ’ਚ ਤਾਇਨਾਤ 10 ਪੁਲੀਸ ਕਰਮਚਾਰੀ ਵਾਪਸ ਬੁਲਾ ਲਏ ਹਨ। ਦੁਆਬੇ ਦੇ ਮਸ਼ਹੂਰ ਡੇਰਾ ਬੱਲਾਂ, ਦਿਵਿਆ ਜੋਤੀ ਜਾਗਰਣ ਸੰਸਥਾਨ ਡੇਰਾ ਨੂਰਮਹਿਲ, ਬਾਬਾ ਸੁਖਦੇਵ ਸਿੰਘ ਡੇਰਾ ਰੂਮੀ ਭੁੱਚੋ, ਡੇਰਾ ਭੈਣੀ ਸਾਹਿਬ ਨਾਲ ਸਬੰਧਤ ਨਾਮਧਾਰੀ ਆਗੂ, ਨਾਨਕਸਰ ਕਲੇਰਾਂ ਸਮੇਤ ਕਈ ਧਾਰਮਿਕ ਆਗੂਆਂ ਦੀ ਸੁਰੱਖਿਆ ’ਚ ਵੱਡੀ ਕਟੌਤੀ ਕੀਤੀ ਗਈ ਹੈ। ਜਿਨ੍ਹਾਂ ਸਿਆਸਤਦਾਨਾਂ ਦੀ ਸੁਰੱਖਿਆ ਘਟਾਈ ਗਈ ਹੈ ਉਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧੀ ਪ੍ਰਨੀਤ ਕੌਰ ਕੈਰੋਂ, ਸ਼ਮਸ਼ੇਰ ਸਿੰਘ ਦੂਲੋ, ਅਕਾਲੀ ਵਿਧਾਇਕਾ ਗਨੀਵ ਮਜੀਠੀਆ, ਨਵੀਂ ਦਿੱਲੀ ’ਚ ਸਰਗਰਮ ਕਾਂਗਰਸ ਆਗੂ ਰਾਜੀਵ ਸ਼ੁਕਲਾ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ, ਕਾਂਗਰਸ ਆਗੂ ਤੇ ਡੇਰਾ ਸਿਰਸਾ ਮੁਖੀ ਦੇ ਕਰੀਬੀ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ, ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਭਾਜਪਾ ਅਗੂ ਤੀਕਸ਼ਣ ਸੂਦ, ਸਾਬਕਾ ਮੰਤਰੀ ਪਰਗਟ ਸਿੰਘ, ਕਾਂਗਰਸ ਆਗੂ ਤੇ ਗਾਇਕ ਸਿੱਧੂ ਮੂਸੇਵਾਲਾ, ਬਾਬਾ ਕਸ਼ਮੀਰਾ ਸਿੰਘ ਜਲੰਧਰ, ਵਿਵਾਦਾਂ ’ਚ ਰਹਿਣ ਵਾਲੇ ਸਾਬਕਾ ਪੁਲੀਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਆਦਿ ਪ੍ਰਮੁੱਖ ਹਨ। ਕੁੱਝ ਮੌਜੂਦਾ ਪੁਲੀਸ ਅਧਿਕਾਰੀਆਂ ਦੀ ਸੁਰੱਖਿਆ ’ਚ ਵੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਵਿੱਚ ਏਡੀਜੀਪੀ ਐੱਸ ਕੇ ਅਸਥਾਨਾ, ਐੱਲ ਕੇ ਯਾਦਵ, ਐੱਮ ਐੱਫ ਫਾਰੂਕੀ, ਬੀ ਵੀ ਨੀਰਜਾ, ਚੰਦਰਸ਼ੇਖਰ, ਸਾਬਕਾ ਡੀਜੀਪੀਜ਼ ਵਿੱਚ ਐੱਨ ਪੀ ਐੱਸ ਔਲਖ, ਐੱਮ ਪੀ ਐੱਸ ਔਲਖ, ਡੀ ਐੱਸ ਮਾਂਗਟ, ਪੀ ਲਾਲ, ਰਾਜਿੰਦਰ ਸਿੰਘ, ਪੀ ਸੀ ਡੋਗਰਾ, ਆਰ ਪੀ ਸਿੰਘ, ਆਰ ਕੇ ਗੁਪਤਾ, ਐੱਸ ਕੇ ਵਰਮਾ, ਐੱਸ ਐੱਮ ਸ਼ਰਮਾ, ਸੂਬੇ ਸਿੰਘ, ਐੱਸ ਵੀ ਸਿੰਘ, ਸੰਜੀਵ ਗੁਪਤਾ, ਮੁਹੰਮਦ ਮੁਸਤਫਾ, ਐੱਮ ਕੇ ਤਿਵਾੜੀ, ਡੀ ਆਰ ਭੱਟੀ, ਜਸਮਿੰਦਰ ਸਿੰਘ ਅਤੇ ਰਾਜਨ ਗੁਪਤਾ ਦੇ ਨਾਮ ਪ੍ਰਮੁੱਖ ਹਨ। ਸੁਰੱਖਿਆ ’ਚ ਕਟੌਤੀ ਦੀ ਕੈਂਚੀ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਦੇ ਸਾਬਕਾ ਵਿਧਾਇਕਾਂ, ਜਿਨ੍ਹਾਂ ਦਾ ਸੱਤਾਧਾਰੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ, ’ਤੇ ਵੀ ਚੱਲੀ ਹੈ। ਸੱਤਾਧਾਰੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਦੀ ਸੁਰੱਖਿਆ ’ਚ ਕਟੌਤੀ ਨਹੀਂ ਕੀਤੀ ਗਈ ਹੈ। ਇਸ ਸੂਚੀ ਵਿੱਚ ‘ਆਪ’ ਦਾ ਇੱਕੋ ਵਿਧਾਇਕ ਮਦਨ ਲਾਲ ਬੱਗਾ ਸ਼ਾਮਲ ਹੈ ਜਿਸ ਨਾਲ ਤਾਇਨਾਤ ਪੁਲੀਸ ਕਰਮਚਾਰੀਆਂ ਵਿੱਚੋਂ ਇੱਕ ਦੀ ਵਾਪਸੀ ਕੀਤੀ ਗਈ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਦੇ ਗਠਨ ਤੋਂ ਬਾਅਦ ਸੁਰੱਖਿਆ ਵਾਪਸੀ ਦਾ ਇਹ ਤੀਜਾ ਝਟਕਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ, ਸੁਨੀਲ ਜਾਖੜ, ਰਾਜਿੰਦਰ ਕੌਰ ਭੱਠਲ ਅਤੇ ਹੋਰ ਕਈ ਆਗੂਆਂ ਦੀ ਸੁਰੱਖਿਆ ’ਚ ਕਟੌਤੀ ਕੀਤੀ ਗਈ ਸੀ। ਪੰਜਾਬ ਪੁਲੀਸ ਦੇ ਅਧਿਕਾਰੀਆਂ ਮੁਤਾਬਕ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਸਿਆਸਤਦਾਨਾਂ ਦੀ ਸੁਰੱਖਿਆ ਤੋਂ ਵਾਪਸ ਬੁਲਾ ਕੇ ਪੁਲੀਸ ਦੀ ਡਿਊਟੀ ’ਤੇ ਤਾਇਨਾਤ ਕੀਤਾ ਜਾ ਚੁੱਕਾ ਹੈ। ਪੰਜਾਬ ਵਿੱਚ ਪੁਲੀਸ ਦੀ ਕੁੱਲ ਨਫ਼ਰੀ 80 ਹਜ਼ਾਰ ਦੇ ਕਰੀਬ ਹੈ। ਪੁਲੀਸ ਅਧਿਕਾਰੀ ਖੁਦ ਮੰਨਦੇ ਹਨ ਕਿ 10 ਹਜ਼ਾਰ ਦੇ ਕਰੀਬ ਮੁਲਾਜ਼ਮ ਸਿਰਫ਼ ਸੁਰੱਖਿਆ ਲਈ ਹੀ ਤਾਇਨਾਤ ਕੀਤੇ ਹੋਏ ਹਨ। ਕਾਂਗਰਸ ਦੇ ਕਈ ਆਗੂਆਂ ਨੇ ਤਾਂ ਸੁਰੱਖਿਆ ਬਹਾਲੀ ਲਈ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਹੈ।

ਅੰਮਿ੍ਰਤਸਰ ’ਚ ਪੰਜਾਬ ਪੁਲੀਸ ਦੀ ਸੁਰੱਖਿਆ ਤੋਂ ਿਬਨਾਂ ਿਵਚਰ ਰਹੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਿਸੰਘ। -ਫੋਟੋ: ਪੀਟੀਆਈ

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸੁਰੱਖਿਆ ਲੈਣ ਤੋਂ ਨਾਂਹ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਸੁਰੱਖਿਆ ਛਤਰੀ ਵਿਚੋਂ ਕੁਝ ਸੁਰੱਖਿਆ ਕਰਮਚਾਰੀ ਵਾਪਸ ਲੈਣ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਬਹਾਲ ਕਰਨ ਦੇ ਹੁਕਮ ਦਿੱਤੇ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰੀ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਸਾਰੇ ਸੁਰੱਖਿਆ ਕਰਮਚਾਰੀ ਅਤੇ ਵਾਹਨ ਵਾਪਸ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੀ ਸੁਰੱਖਿਆ ਲਈ ਟਾਸਕ ਫੋਰਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਵਲੋਂ ਕੌਮ ਦੇ ਨਾਂ ਵਧਾਈ ਸੰਦੇਸ਼ ਦੌਰਾਨ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਸਲਾਹ ਦਿੱਤੀ ਗਈ ਸੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਘਟਾਉਣ ਸਬੰਧੀ ਅੱਜ ਸਵੇਰੇ ਉਨ੍ਹਾਂ ਦੇ ਦਫ਼ਤਰ ’ਚ ਫੋਨ ਰਾਹੀਂ ਸੂਚਿਤ ਕੀਤਾ ਗਿਆ ਸੀ। ਇਸ ਤਹਿਤ ਤਿੰਨ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਸੱਦਿਆ ਗਿਆ ਸੀ। ਇਸ ਮਗਰੋਂ ਉਨ੍ਹਾਂ ਕੋਲ ਸਿਰਫ ਤਿੰਨ ਸਰਕਾਰੀ ਸੁਰੱਖਿਆ ਮੁਲਾਜ਼ਮ ਹੀ ਰਹਿ ਗਏ ਸਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਕੀ ਰਹਿ ਗਏ ਸੁਰੱਖਿਆ ਕਰਮਚਾਰੀ ਅਤੇ ਸਰਕਾਰ ਵਲੋਂ ਦਿੱਤਾ ਵਾਹਨ ਵੀ ਵਾਪਸ ਭੇਜਣ ਦਾ ਫੈਸਲਾ ਕੀਤਾ। ਜਦੋਂ ਮੀਡੀਆ ’ਚ ਰੌਲਾ ਪੈ ਗਿਆ ਤਾਂ ਸਰਕਾਰ ਵਲੋਂ ਤੁਰੰਤ ਫੈਸਲਾ ਬਦਲਿਆ ਗਿਆ ਅਤੇ ਸੁਰੱਖਿਆ ਬਹਾਲ ਕਰ ਦਿੱਤੀ। ਫੋਨ ’ਤੇ ਜਾਣਕਾਰੀ ਦਿੱਤੀ ਗਈ ਕਿ ਅਜਿਹਾ ‘ਕਲੈਰੀਕਲ ਗਲਤੀ’ ਕਾਰਨ ਹੋਇਆ ਹੈ। ਭਾਵੇਂ ਸਰਕਾਰ ਨੇ ਫ਼ੈਸਲਾ ਪਲਟ ਦਿੱਤਾ ਪਰ ਜਥੇਦਾਰ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਅੱਜ ਬਿਨਾਂ ਸਰਕਾਰੀ ਸੁਰੱਖਿਆ ਦੇ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਜਲੰਧਰ ਅਤੇ ਅੰਮ੍ਰਿਤਸਰ ਪੁੱਜੇ ਹਨ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਵਲੋਂ ਮੁਹੱਈਆ ਕਰਵਾਏ ਗੲੇ ਸੁਰੱਖਿਆ ਕਰਮਚਾਰੀ ਹਾਜ਼ਰ ਹਨ। ਜਥੇਦਾਰ ਨੇ ਕਿਹਾ,‘‘ਮੈਨੂੰ ਸਰਕਾਰੀ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ। ਮੇਰੇ ਕੋਲ ਖਾਲਸਾ ਪੰਥ ਅਤੇ ਸਿੱਖ ਨੌਜਵਾਨਾਂ ਦੀ ਸੁਰੱਖਿਆ ਛਤਰੀ ਮੌਜੂਦ ਹੈ। ਸਰਕਾਰ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਕਿਸੇ ਹੋਰ ਮੰਤਵ ਲਈ ਵਰਤ ਸਕਦੀ ਹੈ।’’ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਰਕਾਰ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਘਟਾਏ ਜਾਣ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਉਹ ਮਹਿਸੂਸ ਕਰਦੇ ਹਨ ਕਿ ਬੀਤੇ ਦਿਨੀਂ ਜਥੇਦਾਰ ਵਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਦਿੱਤੀ ਗਈ ਸਲਾਹ ਤੋਂ ਬਾਅਦ ਸਰਕਾਰ ਵਲੋਂ ਅਜਿਹਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸਰਕਾਰੀ ਸੁਰੱਖਿਆ ਵਾਪਸ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਵਲੋਂ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਗਏ ਹਨ। ਸ੍ਰੀ ਧਾਮੀ ਨਾਲ ਵੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਸੁਰੱਖਿਆ ਕਰਮਚਾਰੀ ਤਾਇਨਾਤ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ ਤੇ ਹੋਰਾਂ ਨੇ ਸਰਕਾਰ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਘਟਾਏ ਜਾਣ ’ਤੇ ਸਖ਼ਤ ਇਤਰਾਜ਼ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All