ਕਿਸਾਨ ਪਰੇਡ ਦੇ ਰੰਗ ’ਚ ਰੰਗਿਆ ਪੰਜਾਬ

ਸੂਬੇ ਦੇ ਪਿੰਡ ਹੋਣ ਲੱਗੇ ਖਾਲੀ; ਰੇਲ ਗੱਡੀਆਂ ਨੱਕੋ-ਨੱਕ ਭਰੀਆਂ

ਕਿਸਾਨ ਪਰੇਡ ਦੇ ਰੰਗ ’ਚ ਰੰਗਿਆ ਪੰਜਾਬ

ਲੁਧਿਆਣਾ ਵਿੱਚ ਐਤਵਾਰ ਨੂੰ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਟਰੈਕਟਰ ਮਾਰਚ ਕੱਢਦੇ ਹੋਏ ਕਿਸਾਨ। ਫੋਟੋ: ਹਿਮਾਂਸ਼ੂ ਮਹਾਜਨ

ਚਰਨਜੀਤ ਭੁੱਲਰ

ਚੰਡੀਗੜ੍ਹ, 24 ਜਨਵਰੀ

ਕਿਸਾਨ ਪਰੇਡ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਖਾਲੀ ਹੋਣ ਲੱਗਿਆ ਹੈ। ਦੋ ਦਿਨਾਂ ਤੋਂ ਪਿੰਡਾਂ ਵਿੱਚੋਂ ਟਰੈਕਟਰਾਂ ਦੇ ਕਾਫ਼ਲੇ ਜਾਣੇ ਸ਼ੁਰੂ ਹੋਏ ਹਨ। ਪੇਂਡੂ ਯੂਥ ਕਲੱਬਾਂ ਵਾਲੇ ਨੌਜਵਾਨ ਵੀ ਦਿੱਲੀ ਵੱਲ ਤੁਰੇ ਹਨ। ਆਪ-ਮੁਹਾਰੇ ਟਰੈਕਟਰ ਮਾਲਵੇ, ਦੁਆਬੇ ਤੇ ਮਾਝੇ ’ਚੋਂ ਚੱਲੇ ਹਨ। ਪੰਜਾਬ ਵਿੱਚੋਂ ਦਿੱਲੀ ਵੱਲ ਚੱਲਦੀਆਂ ਰੇਲ ਗੱਡੀਆਂ ’ਚ ਹੁਣ ਖੜ੍ਹਨ ਜੋਗੀ ਥਾਂ ਵੀ ਨਹੀਂ ਬਚਦੀ। ਫਿਰੋਜ਼ਪੁਰ, ਫਾਜ਼ਿਲਕਾ, ਗੰਗਾਨਗਰ ਤੇ ਬਠਿੰਡਾ ਤੋਂ ਚੱਲਦੀਆਂ ਇਹ ਗੱਡੀਆਂ ਨੱਕੋ-ਨੱਕ ਭਰਨ ਲੱਗੀਆਂ ਹਨ। ਕਿਸਾਨ ਧਿਰਾਂ ਦੀ ਗਿਣਤੀ-ਮਿਣਤੀ ਦਾ ਅੰਕੜਾ ਵੀ ਫੇਲ੍ਹ ਹੋਣ ਲੱਗਿਆ ਹੈ। ਪਿੰਡਾਂ ਵਿੱਚ ਸੱਥਾਂ ਖਾਲੀ ਹੋ ਗਈਆਂ ਹਨ ਅਤੇ ਖੇਤ ਵੀ ਸੁੰਨ੍ਹੇ ਹੋ ਗਏ ਹਨ।

ਬੀਕੇਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੱਸਦੇ ਹਨ ਕਿ ਕਿਸਾਨ ਪਰੇਡ ਲਈ ਦਿੱਲੀ ਜਾ ਰਹੇ ਟਰੈਕਟਰਾਂ ਟਰਾਲੀਆਂ ਦੀ ਗਿਣਤੀ 35 ਹਜ਼ਾਰ ਤੋਂ ਟੱਪ ਸਕਦੀ ਹੈ ਅਤੇ ਦਿੱਲੀ ਲਈ ਹਾਲੇ ਵੀ ਛੋਟੇ ਟਰੈਕਟਰਾਂ ਦੇ ਕਾਫ਼ਲੇ ਜਾਣੋਂ ਰੁਕੇ ਨਹੀਂ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਤੋਂ ਇੱਕ ਲੱਖ ਟਰੈਕਟਰ ਦਿੱਲੀ ਪੁੱਜੇਗਾ। ਵੇਰਵਿਆਂ ਅਨੁਸਾਰ ਉਗਰਾਹਾਂ ਜਥੇਬੰਦੀ ਦੇ ਪੰਜਾਬ ’ਚ 42 ਥਾਵਾਂ ’ਤੇ ਲੱਗੇ ਧਰਨਿਆਂ ਵਿੱਚ ਅੱਜ ਵੀ ਜੋਸ਼ ਸਿਖ਼ਰ ’ਤੇ ਰਿਹਾ। 32 ਕਿਸਾਨ ਧਿਰਾਂ ਦੀ ਅਗਵਾਈ ਹੇਠ ਪੰਜਾਬ ਵਿੱਚ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਜਾਰੀ ਹਨ, ਜਿਨ੍ਹਾਂ ਦਾ ਰੋਹ ਕੇਂਦਰ ਸਰਕਾਰ ਵੱਲੋਂ ਗੱਲਬਾਤ ਤੋੜੇ ਜਾਣ ਮਗਰੋਂ ਹੋਰ ਤਿੱਖਾ ਹੋ ਗਿਆ ਹੈ।

ਕਿਸਾਨ ਧਿਰਾਂ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਵਿੱਚ ਵੀ ਕਾਫ਼ੀ ਥਾਵਾਂ ’ਤੇ ‘ਕਿਸਾਨ ਪਰੇਡ’ ਕੀਤੀ ਜਾਣੀ ਹੈ। ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਦੱਸਦੇ ਹਨ ਕਿ ਇਕੱਲੇ ਬਰਨਾਲਾ ਜ਼ਿਲ੍ਹੇ ਵਿੱਚ ਪੰਜ ਥਾਵਾਂ ’ਤੇ ‘ਕਿਸਾਨ ਪਰੇਡ’ ਹੋਵੇਗੀ, ਜਿਸ ’ਚ ਦੋ ਹਜ਼ਾਰ ਤੋਂ ਵੱਧ ਟਰੈਕਟਰ ਸ਼ਾਮਲ ਹੋਣਗੇ। ਦੇਖਿਆ ਜਾਵੇ ਤਾਂ ਸਮੁੱਚਾ ਪੰਜਾਬ ਹੁਣ ‘ਕਿਸਾਨ ਪਰੇਡ’ ਦੇ ਰੰਗ ਵਿੱਚ ਰੰਗਿਆ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਮਾਝੇ ਤੋਂ ਟਰੈਕਟਰ ਕਾਫ਼ਲੇ ਅੱਜ ਰਵਾਨਾ ਹੋਏ ਹਨ।

ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਪੰਜਾਬ ਵਿੱਚੋਂ ਪੁੱਜ ਰਹੇ ਟਰੈਕਟਰਾਂ ਦੀ ਗਿਣਤੀ ਦਾ ਹੁਣ ਕੋਈ ਅੰਦਾਜ਼ਾ ਨਹੀਂ ਰਿਹਾ। ਹਰ ਤਬਕਾ ਪੁੱਜ ਰਿਹਾ ਹੈ। ਦੱਸਦੇ ਹਨ ਕਿ ਬਹੁਤੇ ਪਿੰਡਾਂ ਦੇ ਹਰ ਪਰਿਵਾਰ ’ਚੋਂ ਇੱਕ ਜੀਅ ਕਿਸਾਨ ਪਰੇਡ ਲਈ ਗਿਆ ਹੈ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਥੇਬੰਦੀ ਵੱਲੋਂ ਅੱਜ ਜੰਡਿਆਲਾ ਗੁਰੂ ਵਿੱਚ ਚੱਲਦੇ ਧਰਨੇ ’ਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।

‘ਕਿਸਾਨ ਪਰੇਡ’ ਲਈ ਪੰਜਾਬ ਦੇ ਪਿੰਡਾਂ ’ਚੋਂ ਇਕੱਲੇ ਟਰੈਕਟਰ ਨਹੀਂ, ਫੰਡ ਵੀ ਜਾ ਰਿਹਾ ਹੈ। ਪਿੰਡ ਦੋਦਾ ਦੇ ਨੌਜਵਾਨ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖ਼ਿੱਤੇ ਦੇ ਦਰਜਨਾਂ ਪਿੰਡਾਂ ਨੇ ਪ੍ਰਤੀ ਏਕੜ 50 ਤੋਂ 100 ਰੁਪਏ ਦੇ ਹਿਸਾਬ ਨਾਲ ਦਿੱਲੀ ਫੰਡ ਵੀ ਭੇਜਿਆ ਹੈ। ਬਠਿੰਡਾ ਦੇ ਪਿੰਡ ਬੱਲ੍ਹੋ ਦੇ ਜਸਵਿੰਦਰ ਸਿੰਘ ਛਿੰਦਾ ਨੇ ਦੱਸਿਆ ਕਿ ਜੋ ਕਿਸਾਨ ਜਾ ਨਹੀਂ ਸਕੇ, ਉਨ੍ਹਾਂ ਨੇ ਮਾਲੀ ਮਦਦ ਭੇਜੀ ਹੈ। ਮੁਕਤਸਰ ਦੇ ਪਿੰਡ ਸੋਥਾ ’ਚੋਂ 50 ਟਰੈਕਟਰ ਦਿੱਲੀ ਗਏ ਹਨ। ਮਾਨਸਾ ਜ਼ਿਲ੍ਹੇ ਵਿੱਚੋਂ ਹੁਣ ਤਕ 675 ਟਰੈਕਟਰ ਜਾ ਚੁੱਕੇ ਹਨ। ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਦੱਸਦੇ ਹਨ ਕਿ ਨੌਜਵਾਨ ਆਪ-ਮੁਹਾਰੇ ਦਿੱਲੀ ਵੱਲ ਜਾ ਰਹੇ ਹਨ।

ਪੰਜਾਬ ਦੇ ਪਿੰਡਾਂ ਵਿੱਚ ‘ਕਿਸਾਨ ਪਰੇਡ’ ਦੇ ਹੋਕੇ ਵੱਜਣ ਲੱਗੇ ਹਨ। ਬਰਨਾਲਾ ਦੇ ਪਿੰਡ ਹਰੀਗੜ੍ਹ ਦੇ ਕਿਸਾਨ ਸੰਤੋਖ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਦੀਪਕ ਢਾਬੇ ਵਾਲਿਆਂ ਨੇ ਦਿੱਲੀ ਜਾਣ ਵਾਲੇ ਕਿਸਾਨਾਂ ਲਈ ਲੰਗਰ ਲਗਾ ਦਿੱਤਾ ਹੈ। ਦਿੱਲੀ ਮੋਰਚੇ ’ਚ ਜੋ ਕਿਸਾਨ ਤੇ ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪਰਿਵਾਰ ਵੀ ‘ਕਿਸਾਨ ਮੋਰਚੇ’ ਵਿੱਚ ਸ਼ਾਮਲ ਹੋਣ ਲਈ ਪਿੰਡਾਂ ਤੋਂ ਤੁਰੇ ਹਨ।

ਕਿਸਾਨੀ ਝੰਡਿਆਂ ਦੀ ਵਿਕਰੀ ਕਈ ਗੁਣਾ ਵਧ ਗਈ ਹੈ। ‘ਕਿਸਾਨ ਪਰੇਡ’ ਕਰਕੇ ਕਿਸਾਨ ਏਕਤਾ ਵਾਲੇ ਝੰਡੇ ਸਭ ਤੋਂ ਵੱਧ ਵਿਕੇ ਹਨ। ਬੀਕੇਯੂ (ਉਗਰਾਹਾਂ) ਦੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕੁਝ ਦੁਕਾਨਦਾਰਾਂ ਨੇ ਬਗ਼ੈਰ ਪੁੱਛੇ ਉਨ੍ਹਾਂ ਦੀ ਜਥੇਬੰਦੀ ਦੇ ਝੰਡੇ ਛਾਪੇ ਹਨ ਅਤੇ ਉਹ ਬਲੈਕ ਵਿੱਚ 100 ਤੋਂ 200 ਰੁਪਏ ਦਾ ਝੰਡਾ ਵੇਚ ਰਹੇ ਹਨ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਪੰਜਾਬ ਤੋਂ ਦਿੱਲੀ ਦੇ ਰਾਹ ਵਿੱਚ ਵੀ ਝੰਡਿਆਂ ਵਾਲੇ ਕਾਊਂਟਰ ਲੱਗੇ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All