Punjab Paddy Procurement: ਮੀਂਹ ਨੇ ਮਾਲਵੇ ਵਿੱਚ ਝੋਨੇ ਦੀ ਫ਼ਸਲ ਦਾ ਕੀਤਾ ਨੁਕਸਾਨ; ਕਟਾਰੂਚੱਕ ਨੇ ਕਿਸਾਨਾਂ ਨੂੰ ਖ਼ਰੀਦ ਦਾ ਦਿੱਤਾ ਭਰੋਸਾ
ਸੂਬੇ ਨੂੰ ਮਿਲਿਆ 180 ਲੱਖ ਮੀਟਰਕ ਟਨ ਝੋਨਾ ਖ਼ਰੀਦਣ ਦਾ ਟੀਚਾ; ਬਾਰਦਾਨੇ ਦੀ ਨਹੀਂ ਹੋ ਕੋਈ ਕਮੀ: ਖੁਰਾਕ ਮੰਤਰੀ
ਅੱਜ ਸਵੇਰੇ ਪਏ ਮੀਂਹ ਕਾਰਨ ਮਾਲਵਾ ਖੇਤਰ ਦੀਆਂ ਕਈ ਦਾਣਾ ਮੰਡੀਆਂ ਵਿੱਚ ਝੋਨੇ ਅਤੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਕਰਕੇ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਬਠਿੰਡਾ ਤੇ ਮੁਕਤਸਰ ਜ਼ਿਲ੍ਹਿਆਂ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇੱਕ-ਇੱਕ ਦਾਣਾ ਖ਼ਰੀਦੇਗੀ।
ਮੁਕਤਸਰ ਵਿਖੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਕਟਾਰੂਚੱਕ ਨੇ ਕਿਹਾ, "ਬਾਰਦਾਨਾ ਕਾਫ਼ੀ ਮਾਤਰਾ ਵਿੱਚ ਮੌਜੂਦ ਹੈ। ਇਹ ਕੁਦਰਤ ਦਾ ਖੇਲ੍ਹ ਹੈ ਅਤੇ ਕੋਈ ਨਹੀਂ ਜਾਣਦਾ ਕਿ ਕੁਦਰਤ ਲੋਕਾਂ 'ਤੇ ਕਿਵੇਂ ਅਸਰ ਪਾਵੇਗੀ। ਮੀਂਹ ਕਾਰਨ ਫ਼ਸਲ ਨੂੰ ਹੋਏ ਮਾਮੂਲੀ ਨੁਕਸਾਨ ਨੂੰ ਅਸੀਂ ਸੰਭਾਲ ਲਵਾਂਗੇ। ਅਸੀਂ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਗਾਰੰਟੀ ਤਹਿਤ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਪਾਲੇ ਗਏ ਝੋਨੇ ਦਾ ਇੱਕ-ਇੱਕ ਦਾਣਾ ਖ਼ਰੀਦੇਗੀ।"
ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ 16 ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ ਅਤੇ ਦਾਅਵਾ ਕੀਤਾ ਕਿ ਕਿਸਾਨਾਂ ਵਿੱਚ ਕੋਈ ਰੋਸ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਸੀਜ਼ਨ ਦੌਰਾਨ 180 ਲੱਖ ਮੀਟਰਕ ਟਨ (MT) ਝੋਨਾ ਖ਼ਰੀਦਣ ਦਾ ਟੀਚਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 21 ਲੱਖ ਮੀਟਰਕ ਟਨ ਝੋਨਾ ਆ ਚੁੱਕਾ ਹੈ, ਜਿਸ ਵਿੱਚੋਂ 20 ਲੱਖ ਮੀਟਰਕ ਟਨ ਦੀ ਖ਼ਰੀਦ ਹੋ ਚੁੱਕੀ ਹੈ। ਮੰਤਰੀ ਨੇ ਕਿਹਾ, "ਸਾਡਾ ਮਕਸਦ ਕਿਸਾਨਾਂ ਦੀ ਸਮੇਂ ਸਿਰ ਖ਼ਰੀਦ ਅਤੇ ਅਦਾਇਗੀ ਨੂੰ ਯਕੀਨੀ ਬਣਾਉਣਾ ਹੈ।"
ਇਸੇ ਦੌਰਾਨ, ਪਿੰਡ ਜੰਡਵਾਲਾ ਚੜ੍ਹਤ ਸਿੰਘ ਦੇ ਇੱਕ ਕਿਸਾਨ ਨੇ ਅੱਜ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੀ ਦਾਣਾ ਮੰਡੀ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੂੰ ਘੇਰ ਲਿਆ ਅਤੇ ਦੋਸ਼ ਲਾਇਆ ਕਿ ਨਾਕਾਫ਼ੀ ਪ੍ਰਬੰਧਾਂ ਕਾਰਨ ਉਸ ਦੀ ਤਿੰਨ ਏਕੜ ਦੀ ਫ਼ਸਲ ਰੁੜ੍ਹ ਗਈ ਹੈ। ਇਸ ਤੋਂ ਬਾਅਦ ਮੰਤਰੀ ਨੇ ਮਾਮਲੇ ਨੂੰ ਸੁਲਝਾਉਣ ਅਤੇ ਕਿਸਾਨ ਦੀ ਮਦਦ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ।

