Punjab News: ਚਾਰ ਹੈਂਡ ਗ੍ਰਨੇਡਾਂ ਸਮੇਤ ਦੋ ਨੌਜਵਾਨ ਕਾਬੂ
ਪਾਕਿਸਤਾਨ ਤੋਂ ਆਏ ਦੱਸੇ ਜਾ ਰਹੇ ਗ੍ਰਨੇਡ; ਮਾਮਲੇ ਦੀ ਜਾਂਚ ਜਾਰੀ
Advertisement
ਖਾਲੜਾ ਪੁਲੀਸ ਨੇ ਰਾਤ ਦੀ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚਾਰ ਹੈਂਡ ਗ੍ਰਨੇਡ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਪੁਲੀਸ ਅਨੁਸਾਰ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਬਰਾਮਦ ਸਮੱਗਰੀ ਪਾਕਿਸਤਾਨ ਤੋਂ ਆਉਣ ਦੀ ਗੱਲ ਕਹੀ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ ਧਮਾਕਾਖੇਜ਼ ਪਦਾਰਥ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਜ ਐੱਫਆਈਆਰ ਅਨੁਸਾਰ ਏਐੱਸਆਈ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਰਾਤ ਸਮੇਂ ਸਰਕਾਰੀ ਗੱਡੀ ਰਾਹੀਂ ਮਾੜੀ ਮੇਘਾ, ਖਾਲੜਾ ਸਮੇਤ ਸਰਹੱਦੀ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਗਸ਼ਤ ਕਰ ਰਹੀ ਸੀ। ਜਦੋਂ ਪੁਲੀਸ ਪਾਰਟੀ ਪੁਲ ਡਰੇਨ ਮਾੜੀ ਮੇਘਾ ਤੋਂ ਡਰੇਨੋ-ਡਰੇਨ ਖਾਲੜਾ ਵਾਲੇ ਪਾਸੇ ਮੁੜ ਕੇ ਥੋੜ੍ਹਾ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ।
ਇਸ ਦੌਰਾਨ ਮੋਟਰਸਾਈਕਲ ’ਤੇ ਪਿੱਛੇ ਬੈਠੇ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੀ ਇੱਕ ਲਿਫ਼ਾਫ਼ਾ ਸੜਕ ਦੇ ਕੱਚੇ ਕਿਨਾਰੇ ਸੁੱਟ ਦਿੱਤਾ ਅਤੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਕਾਹਲੀ ਵਿੱਚ ਮੋਟਰਸਾਈਕਲ ਸੜਕ ਕਿਨਾਰੇ ਡਿੱਗ ਗਿਆ, ਜਿਸ ਮਗਰੋਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ।
ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨ ਸਿੰਘ ਪੁੱਤਰ ਲਾਭ ਸਿੰਘ ਵਾਸੀ ਧੁੰਨ ਅਤੇ ਪ੍ਰਿੰਸਪਾਲ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀ ਧੁੰਨ, ਥਾਣਾ ਖਾਲੜਾ ਵਜੋਂ ਦੱਸੀ ਹੈ। ਪੁਲੀਸ ਵੱਲੋਂ ਜ਼ਮੀਨ ’ਤੇ ਸੁੱਟੇ ਲਿਫ਼ਾਫ਼ੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਚਾਰ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ। ਖਾਲੜਾ ਪੁਲੀਸ ਨੇ ਦੋਵਾਂ ਨੌਜਵਾਨਾਂ ਖ਼ਿਲਾਫ਼ ਧਮਾਕਾਖੇਜ਼ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਗ੍ਰਨੇਡ ਕਿੱਥੋਂ ਲਿਆਂਦੇ ਗਏ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ।
Advertisement
×

