ਅਲੀਪੁਰ (ਹਰੀਕੇ) ਵਿਚ ਰਾਤ ਵੇਲੇ ਇਕ ਪਰਿਵਾਰ ਦੇ ਤਿੰਨ ਜੀਆਂ ਦਾ ਅੰਗੀਠੀ ਦੇ ਧੂੰਏਂ ਕਾਰਨ ਦਮ ਘੁਟ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਨੌਂ ਸਾਲਾ ਇਕ ਲੜਕੇ ਦੀ ਹਾਲਤ ਵਿਗੜ ਗਈ ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿੱਚ 20 ਸਾਲ ਦਾ ਅਰਸ਼ਦੀਪ ਸਿੰਘ, 19 ਸਾਲ ਦੀ ਉਸ ਦੀ ਪਤਨੀ ਜਸ਼ਨਦੀਪ ਕੌਰ ਅਤੇ ਉਨ੍ਹਾਂ ਦਾ ਡੇਢ ਮਹੀਨੇ ਦਾ ਲੜਕਾ ਗੁਰਬਾਜ਼ ਸਿੰਘ ਸ਼ਾਮਲ ਹੈ।
ਇਸ ਹਾਦਸੇ ਵਿਚ ਨੌਂ ਸਾਲਾ ਕਿਸ਼ਨ ਸਿੰਘ ਦੀ ਹਾਲਤ ਗੰਭੀਰ ਹੈ। ਉਹ ਅਰਸ਼ਦੀਪ ਸਿੰਘ ਦਾ ਰਿਸ਼ਤੇਦਾਰ ਸੀ ਅਤੇ ਪਿੰਡ ਸਰਹਾਲੀ ਤੋਂ ਆਪਣੀ ਭੈਣ ਨੂੰ ਬੀਤੇ ਕੱਲ੍ਹ ਹੀ ਮਿਲਣ ਆਇਆ ਸੀ। ਇਸ ਦੁਖਾਂਤ ਤੋਂ ਬਾਅਦ ਨੇੜਲੇ ਇਲਾਕੇ ਦੇ ਲੋਕਾਂ ਵਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਅਰਸ਼ਦੀਪ ਸਿੰਘ ਦੇ ਪਿਤਾ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਹ ਸਵੇਰ ਪੰਜ ਵਜੇ ਉੱਠਿਆ ਤਾਂ ਉਸ ਨੇ ਉਸ ਵੇਲੇ ਹੀ ਕੰਮ (ਮਜ਼ਦੂਰੀ) ’ਤੇ ਜਾਣ ਲਈ ਆਪਣੇ ਲੜਕੇ ਨੂੰ ਕਮਰੇ ਵਿੱਚੋਂ ਬਾਹਰ ਆਉਣ ਲਈ ਆਵਾਜ਼ਾਂ ਮਾਰੀਆਂ ਪਰ ਜਦੋਂ ਉਹ ਸੱਤ ਵਜੇ ਤੱਕ ਬਾਹਰ ਨਾ ਆਇਆ ਤਾਂ ਉਨ੍ਹਾਂ ਕਮਰੇ ਦਾ ਦਰਵਾਜ਼ਾ ਖੜਕਾਇਆ| ਅੰਦਰੋਂ ਜਵਾਬ ਨਾ ਆਉਣ ’ਤੇ ਉਨ੍ਹਾਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਪਰਿਵਾਰ ਨਾਲ ਵੱਡਾ ਦੁਖਾਂਤ ਵਾਪਰ ਚੁੱਕਾ ਸੀ| ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਹ ਰਾਤ ਵੇਲੇ ਖਾਣਾ ਖਾ ਕੇ ਸੌਂ ਗਏ ਤਾਂ ਘਰ ਦੇ ਕਮਰੇ ਵਿੱਚ ਉਨ੍ਹਾਂ ਦੇ ਲੜਕੇ ਨੇ ਸਰਦੀ ਵਧੇਰੇ ਹੋਣ ਕਰਕੇ ਭੱਠੇ ਤੋਂ ਲਿਆਂਦੇ ਕੋਲੇ ਨਾਲ ਅੰਗੀਠੀ ਬਾਲ ਲਈ| ਇਸ ਕੋਲੇ ਦੀ ਅੱਗ ਦੇ ਧੁੰਏਂ ਤੋਂ ਪੈਦਾ ਹੋਈ ਗੈਸ ਨਾਲ ਉਸ ਦੇ ਲੜਕੇ, ਨੂੰਹ ਅਤੇ ਪੋਤਰੇ ਦੀ ਦਮ ਘੁਟਣ ਨਾਲ ਮੌਤ ਹੋ ਗਈ| ਥਾਣਾ ਹਰੀਕੇ ਤੋਂ ਐਸ ਐਚ ਓ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਪੁਲੀਸ ਨੂੰ ਨਾਲ ਲੈ ਕੇ ਘਟਨਾ ਸਥਾਨ ਦਾ ਦੌਰਾ ਕੀਤਾ। ਪਰਿਵਾਰ ਨੇ ਇਸ ਸਬੰਧੀ ਇਸੇ ਤਰ੍ਹਾਂ ਦੀ ਪੁਲੀਸ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ| ਗੁਰਸਾਹਿਬ ਸਿੰਘ ਨੇ ਕਿਹਾ ਕਿ ਇਸ ਵਿੱਚ ਕਿਸੇ ਦਾ ਕਸੂਰ ਨਹੀਂ ਹੈ|

