Punjab Police ਦਾ ਸਬ-ਇੰਸਪੈਕਟਰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ
ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਵੱਲੋਂ ਸਬ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬ ਪੁਲੀਸ ਵਿੱਚ ਕਾਲੀਆਂ ਭੇਡਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਸੀ.ਆਈ.ਏ. (CIA) ਸਟਾਫ਼ ਦੀ ਪੁਲੀਸ ਪਾਰਟੀ ਨੇ ਥਾਣਾ ਖਾਲੜਾ ਵਿਖੇ ਤਾਇਨਾਤ ਇੱਕ ਸਬ-ਇੰਸਪੈਕਟਰ (SI) ਸਾਹਿਬ ਸਿੰਘ ਨੂੰ ਡਰੱਗ ਮਨੀ ਅਤੇ 300 ਗ੍ਰਾਮ ਹੈਰੋਇਨ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅਧਿਕਾਰੀ ਕਾਫ਼ੀ ਸਮੇਂ ਤੋਂ ਸਰਹੱਦੀ ਖੇਤਰ ਦੇ ਥਾਣਾ ਖਾਲੜਾ ਵਿਖੇ ਬਤੌਰ ਥਾਣਾ ਮੁਖੀ (SHO) ਅਤੇ ਸਬ-ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਿਹਾ ਸੀ।
ਸੂਤਰਾਂ ਅਨੁਸਾਰ ਇੱਕ ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਸਬ-ਇੰਸਪੈਕਟਰ ਪਹਿਲਾਂ ਖ਼ੁਦ ਹੀ ਹੈਰੋਇਨ ਬਰਾਮਦ ਕਰਨ ਦੇ ਦਾਅਵੇ ਕਰਕੇ ਅਖ਼ਬਾਰਾਂ ਵਿੱਚ ਖ਼ਬਰਾਂ ਲਗਵਾਉਂਦਾ ਸੀ ਅਤੇ ਆਪਣੇ ਮਨ ਦੀ ਤਸੱਲੀ ਕਰਿਆ ਕਰਦਾ ਸੀ, ਜਦੋਂਕਿ ਪਿੱਠ ਪਿੱਛੇ ਉਹ ਖ਼ੁਦ ਇਸ ਧੰਦੇ ਵਿੱਚ ਲਿਪਤ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਵੱਲੋਂ ਸਬ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਜਾਂਚ ਦੌਰਾਨ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਨਸ਼ੇ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ, ਇਸ ਨੂੰ ਕਿੱਥੇ ਸਪਲਾਈ ਕੀਤਾ ਜਾਣਾ ਸੀ ਅਤੇ ਇਸ ਮਾਮਲੇ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ।
ਇਕੱਤਰ ਜਾਣਕਾਰੀ ਅਨੁਸਾਰ, ਮੁਲਜ਼ਮ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਕਾਬੂ ਕਰਨ ਲਈ ਸੀ.ਆਈ.ਏ. ਸਟਾਫ਼ ਦੀ ਪੁਲਿਸ ਟੀਮ ਦੀ ਅਗਵਾਈ ਐੱਸ.ਪੀ. (ਇਨਵੈਸਟੀਗੇਸ਼ਨ) ਰਿਪੂਤਾਪਨ ਸਿੰਘ ਵੱਲੋਂ ਖ਼ੁਦ ਕੀਤੀ ਗਈ ਸੀ। ਪੁਲੀਸ ਨੇ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਝਬਾਲ ਦੇ ਨਜ਼ਦੀਕੀ ਪਿੰਡ ਮੱਜੂਪੁਰ ਕੋਲੋਂ ਦਬੋਚ ਲਿਆ।
ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ। ਜੇਕਰ ਪੁਲੀਸ ਮਹਿਕਮੇ ਦਾ ਕੋਈ ਵੀ ਮੁਲਾਜ਼ਮ ਅਜਿਹੇ ਗੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ਖ਼ਿਲਾਫ਼ ਨਿਯਮਾਂ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਪੁਲੀਸ ਹਰ ਪੱਖੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
