Punjab News: ਲੁਟੇਰਿਆਂ ਨੇ ਦੋ ਦਰਜਨ ਬੱਕਰੀਆਂ ਖੋਹੀਆਂ; ਚਰਵਾਹੇ ਦੀ ਮੌਤ, 1 ਕਾਬੂ
ਪਿੰਡ ਵਾਸੀਆਂ ਦੀ ਮਦਦ ਨਾਲ ਪੁਲੀਸ ਨੇ ਬੱਕਰੀਆਂ ਸਮੇਤ ਇੱਕ ਮੁਲਜ਼ਮ ਕੀਤਾ ਕਾਬੂ, ਬਾਕੀਆਂ ਦੀ ਭਾਲ ਜਾਰੀ
ਜ਼ਿਲ੍ਹੇ ਦੇ ਪਿੰਡ ਹਰੀਏਵਾਲਾ ਵਿੱਚ ਲੁਟੇਰਿਆਂ ਵੱਲੋਂ ਇੱਕ ਗੰਭੀਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿੱਥੇ ਲੁਟੇਰਿਆਂ ਨੇ ਇੱਕ ਚਰਵਾਹੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਉਸ ਕੋਲੋਂ ਲਗਪਗ ਦੋ ਦਰਜਨ ਬੱਕਰੀਆਂ ਲੁੱਟ ਲਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਲਾਜ ਦੌਰਾਨ ਜ਼ਖ਼ਮੀ ਚਰਵਾਹੇ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਹਰੀਏਵਾਲਾ ਦਾ ਰਹਿਣ ਵਾਲਾ 42 ਸਾਲਾ ਬੱਚੀ ਸਿੰਘ ਪਿੰਡ ਤੋਂ ਬਾਹਰ ਆਪਣੀਆਂ ਬੱਕਰੀਆਂ ਚਰਾ ਰਿਹਾ ਸੀ। ਇਸੇ ਦੌਰਾਨ ਅਣਪਛਾਤੇ ਲੁਟੇਰਿਆਂ ਨੇ ਉਸ ਉੱਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਮਲੇ ਤੋਂ ਬਾਅਦ ਲੁਟੇਰੇ ਕਰੀਬ ਦੋ ਦਰਜਨ ਬੱਕਰੀਆਂ ਨੂੰ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ।
ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਸਰਪੰਚ ਕੁਲਵੀਰ ਸਿੰਘ ਅਤੇ ਹੋਰ ਪਿੰਡ ਵਾਸੀ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀ ਚਰਵਾਹੇ ਨੂੰ ਤੁਰੰਤ ਫ਼ਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਬੱਚੀ ਸਿੰਘ ਦੀ ਮੌਤ ਹੋ ਗਈ।
ਥਾਣਾ ਬਾਘਾਪੁਰਾਣਾ ਦੇ ਮੁਖੀ ਜਨਕ ਰਾਜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲੀਸ ਟੀਮਾਂ ਦਾ ਗਠਨ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਲੀਸ ਨੇ ਇੱਕ ਮੁਲਜ਼ਮ ਨੂੰ ਚੋਰੀ ਕੀਤੀਆਂ ਬੱਕਰੀਆਂ ਸਮੇਤ ਕਾਬੂ ਕਰ ਲਿਆ ਹੈ।
ਫ਼ੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਪੁਲੀਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

