Farmers-Police Clash: ਪ੍ਰਦਰਸ਼ਨ ਮਗਰੋਂ ਕਿਸਾਨ ਆਗੂਆਂ ਦੀ ਜ਼ਮਾਨਤ ਮਨਜ਼ੂਰ
ਜਦੋਂ ਤੱਕ ਸਾਰੇ ਵਰਕਰ ਰਿਹਾਅ ਨਹੀਂ ਹੁੰਦੇ; ਧਰਨੇ ਰਹਿਣਗੇ ਬਰਕਰਾਰ: ਜੋਗਿੰਦਰ ਉਗਰਾਹਾਂ
Farmer- Police Clash: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ BKU ਏਕਤਾ ਉਗਰਾਹਾਂ ਦੇ ਦੋ ਮੁੱਖ ਆਗੂਆਂ, ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਜਿਉਂਦ ਦੀ ਜ਼ਮਾਨਤ (Bail) ਅੱਜ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲਾਂਕਿ ਆਗੂਆਂ ਦੀ ਜ਼ਮਾਨਤ ਹੋ ਗਈ ਹੈ ਪਰ ਪੰਜਾਬ ਭਰ ਵਿੱਚ ਚੱਲ ਰਹੇ ਰੋਸ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਤਮਾਮ ਵਰਕਰਾਂ ਨੂੰ ਰਿਹਾਅ ਨਹੀਂ ਕਰ ਦਿੱਤਾ ਜਾਂਦਾ। ਉਨ੍ਹਾਂ ਐਲਾਨ ਕੀਤਾ ਕਿ ਭਲਕੇ ਸੂਬੇ ਭਰ ਵਿੱਚ ‘ਜੇਤੂ ਰੈਲੀਆਂ’ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਅੱਜ ਹੋਣ ਵਾਲੇ ਵੱਡੇ ਪ੍ਰਦਰਸ਼ਨ ਨੂੰ ਰੋਕਣ ਲਈ ਲੰਘੀ ਰਾਤ ਤੋਂ ਹੀ ਸਾਵਧਾਨੀ ਵਰਤਦਿਆਂ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਬਠਿੰਡਾ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਪੁਲੀਸ ਵੱਲੋਂ ਥਾਂ-ਥਾਂ ਬੈਰੀਕੇਡ ਲਗਾ ਕੇ ਰੋਕਿਆ ਗਿਆ, ਜਿਸ ਕਾਰਨ ਕਿਸਾਨਾਂ ਨੇ ਹਾਈਵੇਅ ਅਤੇ ਹੋਰਨਾਂ ਥਾਵਾਂ ’ਤੇ ਹੀ ਧਰਨੇ ਲਗਾ ਦਿੱਤੇ।
ਉਗਰਾਹਾਂ ਨੇ ਕਿਹਾ ਕਿ ਪੁਲੀਸ ਦੀ ਸਖ਼ਤੀ ਕਿਸਾਨੀ ਹੌਸਲੇ ਨੂੰ ਪਸਤ ਨਹੀਂ ਕਰ ਸਕਦੀ ਅਤੇ ਸਾਰੇ ਸਾਥੀਆਂ ਦੀ Release (ਰਿਹਾਈ) ਤੱਕ ਸੰਘਰਸ਼ ਦਾ ਮੋਰਚਾ ਖੁੱਲ੍ਹਾ ਰਹੇਗਾ।
ਇਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ਵਿੱਚ ਪੁਲੀਸ ਅਤੇ ਕਿਸਾਨਾਂ ਵਿਚਕਾਰ ਹੋਏ ਟਕਰਾਅ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਸੀ। ਪਿੰਡ ਜਿਉਂਦ ਦੇ ਸ਼ਗਨਪ੍ਰੀਤ ਸਿੰਘ ਅਤੇ ਚੌਕੇ ਦੇ ਬਲਦੇਵ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਭਾਰਤੀ ਕਿਸਾਨ ਏਕਤਾ ਉਗਰਾਹਾਂ (BKU) ਦੇ ਵਰਕਰਾਂ ਨੇ ਮੋਰਚਾ ਖੋਲ੍ਹ ਦਿੱਤਾ ਸੀ।
ਗ਼ੌਰਤਲਬ ਹੈ ਕਿ 6 ਫਰਵਰੀ ਨੂੰ ਯੂਨੀਅਨ ਵੱਲੋਂ ਬਠਿੰਡਾ ’ਚ ਡੀ.ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦੇ ਪ੍ਰੋਗਰਾਮ ਨੂੰ ਪੁਲੀਸ ਪ੍ਰਸ਼ਾਸਨ ਨੇ ਥਾਂ-ਥਾਂ ’ਤੇ ਰੋਕਾਂ ਲਾ ਕੇ ਸਾਬੋਤਾਜ਼ ਕਰ ਦਿੱਤਾ ਸੀ ਅਤੇ ਅੱਗੇ ਵਧਦੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਰੋਕਣ ਲਈ ਅੱਥਰੂ ਗੈਸ, ਜਲ ਤੋਪਾਂ ਅਤੇ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ ਸੀ।

