Punjab News: ਪਰਵਿੰਦਰ ਝੋਟਾ ਕਤਲ: ਮੈਡੀਕਲ ਸਟੋਰ ਦਾ ਮਾਲਕ ਕਾਬੂ
ਪ੍ਰਸ਼ਾਸਨ ਨੇ ਮੁਲਜ਼ਮ ਦਾ ਘਰ ਢਾਹਿਆ ਅਤੇ ਨੌਜਵਾਨਾਂ ਨੇ ਦੁਕਾਨ ਢਾਹ ਕੇ ਅੱਗ ਲਾਈ
ਐਂਟੀ ਡਰੱਗ ਟਾਸਕ ਫੋਰਸ ਦੇ ਪ੍ਰਮੁੱਖ ਆਗੂ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਮਾਨਸਾ ’ਚ ਅੱਜ ਲਗਾਤਾਰ ਦੂਜੇ ਦਿਨ ਤਣਾਅਪੂਰਨ ਮਾਹੌਲ ਰਿਹਾ। ਪ੍ਰਸ਼ਾਸਨ ਵੱਲੋਂ ਮੁਲਜ਼ਮ ਅਸ਼ਵਨੀ ਕੁਮਾਰ ਦਾ ਘਰ ਢਾਹ ਦਿੱਤਾ ਗਿਆ ਜਦਕਿ ਰੋਹ ’ਚ ਆਏ ਲੋਕਾਂ ਨੇ ਉਸ ਦੀ ਦੁਕਾਨ ਢਾਹ ਕੇ ਅੱਗ ਹਵਾਲੇ ਕਰ ਦਿੱਤੀ। ਐੱਸ ਐੱਸ ਪੀ ਵੈਭਵ ਚੌਧਰੀ ਨੇ ਦੱਸਿਆ ਕਿ ਗ਼ੈਰ-ਕਾਨੂੰਨੀ ਉਸਾਰੀ ਹੋਣ ਕਾਰਨ ਮੁਲਜ਼ਮ ਦਾ ਘਰ ਢਾਹਿਆ ਗਿਆ ਹੈ।
ਪੁਲੀਸ ਨੇ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਹਿਰਾਸਤ ’ਚ ਲੈ ਲਿਆ ਹੈ। ਉੱਧਰ, ਪਰਵਿੰਦਰ ਸਿੰਘ ਝੋਟਾ ਦਾ ਦੂਜੇ ਦਿਨ ਵੀ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਸ਼ਹਿਰ ’ਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਤਿੰਨ ਕੋਣੀ ਚੌਕ ’ਚ ਇਨਸਾਫ਼ ਦੀ ਮੰਗ ਕਰਦਿਆਂ ਚੱਲ ਰਹੇ ਧਰਨੇ ’ਚ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ਾ ਮੰਗਦਿਆਂ ਡੀ ਜੀ ਪੀ ਗੌਰਵ ਯਾਦਵ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਭਲਕੇ ਪੰਜਾਬ ’ਚ ਬੰਦ ਦਾ ਐਲਾਨ ਕੀਤਾ ਗਿਆ ਹੈ।
ਨਿਹੰਗ ਸਿੰਘ ਜਥੇਬੰਦੀਆਂ, ਨੌਜਵਾਨਾਂ ਅਤੇ ਰੋਹ ’ਚ ਆਈ ਭੀੜ ਨੇ ਸ਼ਹਿਰ ’ਚ ਮੁਜ਼ਾਹਰਾ ਕਰਦਿਆਂ ਮੁਲਜ਼ਮ ਦਾ ਇੱਕ ਹੋਰ ਘਰ ਗਰੀਨ ਵੈਲੀ ਵਿੱਚ ਜਾ ਕੇ ਢਾਹੁਣ ਲਈ ਧਾਵਾ ਬੋਲਿਆ। ਉੱਥੇ ਪੁਲੀਸ ਦਾ ਪਹਿਲਾਂ ਹੀ ਪਹਿਰਾ ਸੀ ਪਰ ਭੀੜ ਨੂੰ ਮੁਲਜ਼ਮ ਦਾ ਘਰ ਕਾਲੋਨੀ ਅੰਦਰ ਨਹੀਂ ਮਿਲਿਆ। ਧਰਨੇ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ, ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਭਾਜਪਾ ਦੇ ਸੂਬਾ ਜਨਰਲ ਸਕੱਤਰ ਮੰਗਤ ਰਾਏ ਬਾਂਸਲ ਅਤੇ ਸੀ ਪੀ ਆਈ ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦਾ ਸਿਆਸੀ ਕਤਲ ਹੋਇਆ ਹੈ ਜਿਸ ਲਈ ਸਿੱਧੇ ਤੌਰ ’ਤੇ ਸਰਕਾਰ ਅਤੇ ਪੁਲੀਸ ਮੁਖੀ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਲੜਨ ਬਾਰੇ ਕਹਿਣ ਵਾਲੀ ਸਰਕਾਰ ਅੰਦਰਖਾਤੇ ਸ਼ਹਿ ਦੇ ਕੇ ਨਸ਼ੇ ਵਿਕਵਾ ਰਹੀ ਹੈ। ਸੂਬੇ ’ਚ ਨਸ਼ਾ ਰੋਕਣ ਵਾਲਿਆਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਰ ਬੇਫ਼ਿਕਰੀ ਨਾਲ ਕਤਲ ਕਰ ਕੇ ਫ਼ਰਾਰ ਹੋ ਜਾਂਦੇ ਹਨ।
ਥਾਣਾ ਸਿਟੀ-2 ਪੁਲੀਸ ਨੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਫ਼ੌਜੀ ਭੀਮ ਸਿੰਘ ਦੇ ਬਿਆਨ ’ਤੇ ਦੁਕਾਨਦਾਰ ਅਸ਼ਵਨੀ ਕੁਮਾਰ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬਠਿੰਡਾ ਰੇਂਜ ਦੇ ਡੀ ਆਈ ਜੀ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇ ਇਸ ਮਾਮਲੇ ’ਚ ਕੋਈ ਵੀ ਪੁਲੀਸ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਲੋਕਾਂ ਵੱਲੋਂ ਦੁਕਾਨ ਢਾਹੇ ਜਾਣ ਮੌਕੇ ਕੁੱਝ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਹੋਈਆਂ ਹਨ ਜਿਸ ਸਬੰਧੀ ਡੀ ਆਈ ਜੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਅਸਤੀਫ਼ਾ ਅਤੇ ਡੀ ਜੀ ਪੀ ਨੂੰ ਬਰਖ਼ਾਸਤ ਕੀਤੇ ਜਾਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ ਅਤੇ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਭਲਕੇ 15 ਅਕਤੂਬਰ ਨੂੰ ਸਵੇਰ ਤੋਂ ਸ਼ਾਮ ਤੱਕ ਸੂਬੇ ’ਚ ਬੰਦ ਰਹੇਗਾ ਅਤੇ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਬਹਾਲ ਹੋਣਗੀਆਂ। ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖੀ ਪਰਵਿੰਦਰ ਝੋਟਾ ਦੀ ਦੇਹ ਦੀ ਰਾਖੀ ਲਈ ਧਿਰਾਂ ਡਟੀਆਂ ਹੋਈਆਂ ਹਨ। ਧਰਨੇ ਨੂੰ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਜੀਤਮਹਿੰਦਰ ਸਿੰਘ ਸਿੱਧੂ, ਗੁਰਨਾਮ ਕੌਰ ਰੰਧਾਵਾ, ਅੰਮ੍ਰਿਤਾ ਗਿੱਲ, ਸਾਬਕਾ ਵਿਧਾਇਕ ਤਰਸੇਮ ਜੋਧਾ, ਮਾਨਿਕ ਗੋਇਲ, ਜਸਬੀਰ ਕੌਰ ਨੱਤ ਨੇ ਵੀ ਸੰਬੋਧਨ ਕੀਤਾ।

