Punjab News: ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਜਪਾਲ ਨਾਲ ਮੀਟਿੰਗ
ਹਵਾਰਾ, ਤਾਰਾ ਅਤੇ ਭਿਓਰਾ ਦੀ ਪੈਰੋਲ ਦੀ ਆਸ ਬੱਝੀ
Advertisement
Punjab News: ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਵੱਲ ਰੋਸ ਪ੍ਰਦਰਸ਼ਨ ਕਰਨ ਦੇ ਐਲਾਨ ਮਗਰੋਂ ਚੰਡੀਗੜ ਪ੍ਰਸ਼ਾਸ਼ਨ ਅਤੇ ਪੁਲੀਸ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੀਟਿੰਗ ਕਾਰਵਾਈ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਦੇ ਸਕੱਤਰੇਤ ਵਿਖੇ ਕੀਤੀ ਗਈ।
ਮੀਟਿੰਗ ਵਿੱਚ ਮੋਰਚੇ ਵਲੋਂ ਜਸਟਿਸ(ਸੇਵਾ ਮੁਕਤ)ਰਣਜੀਤ ਸਿੰਘ ਵਲੋਂ ਸਾਰਾ ਕਾਨੂੰਨੀ ਪੱਖ ਰੱਖਦਿਆਂ ਪੰਜਾਬ ਤੇ ਭਾਰਤ ਸਰਕਾਰ ਵੱਲੋਂ ਇਨ੍ਹਾਂ ਬੰਦੀ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਦਾ ਪੱਖ ਬਾਖੂਬੀ ਰੱਖਿਆ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦਾ ਅਦਾਲਤੀ ਸਜਾ ਦੇ ਬਾਵਜੂਦ ਸਰਕਾਰ ਦੀ ਮਿਲੀਭੁਗਤ ਨਾਲ ਕਾਨੂੰਨ ਛਿੱਕੇ ਟੰਗ ਕੇ ਜੇਲ੍ਹ ਤੋਂ ਬਾਹਰ ਹੋਣਾ ਅਤੇ ਬੰਦੀ ਸਿੰਘਾਂ ਨੂੰ 31 ਸਾਲਾਂ ਬਾਅਦ ਵੀ ਪਰੋਲ ਨਾ ਮਿਲਣਾ ਦੇਸ਼ ਦੀ ਨਿਆਂ ਪ੍ਰਣਾਲੀ ਉਤੇ ਵੱਡਾ ਸਵਾਲ ਹੈ। ਡੇਢ ਘੰਟਾ ਚੱਲੀ ਮੀਟਿੰਗ ਦੌਰਾਨ ਸਜ਼ਾ ਪੂਰੀਆਂ ਕਰ ਚੁੱਕੇ ਇੱਕ ਇੱਕ ਬੰਦੀ ਸਿੰਘ ਬਾਰੇ ਗੱਲਬਾਤ ਕੀਤੀ ਗਈ।
ਰਾਜਪਾਲ ਨੇ ਮੋਰਚੇ ਦੀਆਂ ਸਾਰੀਆਂ ਗੱਲਾਂ ਸੁਣਨ ਮਗਰੋਂ ਕਿਹਾ ਕਿ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਪੈਰੋਲ ਉਤੇ ਸਾਨੂੰ ਕੋਈ ਇਤਰਾਜ ਨਹੀਂ ਹੈ। ਰਾਜਪਾਲ ਨੇ ਇਨ੍ਹਾਂ ਦੀ ਪੈਰੋਲ ਬਾਰੇ ਐੱਸਐੱਸਪੀ ਚੰਡੀਗੜ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਐੱਸਐੱਸਪੀ ਫਤਹਿਗੜ੍ਹ ਸਾਹਿਬ ਨਾਲ ਗੱਲਬਾਤ ਕੀਤੀ ਅਤੇ ਪ੍ਰਵਾਨਗੀ ਲਈ ਪੱਤਰ ਵੀ ਲਿਖਿਆ। ਉਨ੍ਹਾਂ ਕਿਹਾ ਕਿ ਉਹ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਦੀ ਪਰੋਲ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਸੱਦ ਕੇ ਗੱਲ ਕਰਨਗੇ। ਬਾਕੀ ਬੰਦੀ ਸਿੰਘਾਂ ਦੀ ਜਮਾਨਤ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋੜ ਪਈ ਤਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਮਾਨਤ ’ਤੇ ਆਏ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਲਈ ਫਾਈਲ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ। ਮੋਰਚੇ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਜੇਲ੍ਹ ਤੋਂ ਪੰਜਾਬ ਲਿਆਉਣ ਦੀ ਮੰਗ ਵੀ ਰੱਖੀ ਗਈ।
ਮੀਟਿੰਗ ਉਪਰੰਤ ਸ਼ਾਮਿਲ ਮੈਂਬਰਾਂ ਵੱਲੋਂ ਫੈਸਲਾ ਲਿਆ ਗਿਆ ਕਿ ਜਿੱਥੇ 15 ਅਗਸਤ ਨੂੰ ਰਾਜਪਾਲ ਭਵਨ ਵੱਲ ਰੋਸ ਮਾਰਚ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਉੱਥੇ ਹੀ ਹੁਣ ਮੁੱਖ ਮੰਤਰੀ ਪੰਜਾਬ ਦਾ ਫਿਰੋਜ਼ਪੁਰ ਵਿਖੇ ਝੰਡਾ ਲਹਿਰਾਉਣ ਗਿਆ ਦਾ ਵਿਰੋਧ ਵੀ ਕੀਤਾ ਜਾਵੇਗਾ।
ਇਸ ਮੌਕੇ ਗੁਰਚਰਨ ਸਿੰਘ ਪਟਿਆਲਾ,ਪਾਲ ਸਿੰਘ ਫਰਾਂਸ, ਗੁਰਦੀਪ ਸਿੰਘ ਬਠਿੰਡਾ, ਕਿਸਾਨ ਆਗੂ ਡਾ. ਦਰਸ਼ਨ ਪਾਲ ਸਿੰਘ, ਬਲਵਿੰਦਰ ਸਿੰਘ ਫਿਰੋਜ਼ਪੁਰ, ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਗੁਰਜੰਟ ਸਿੰਘ ਕੱਟੂ,ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਤਰੁਣ ਜੈਨ ਬਾਵਾ, ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ, ਨਿਹੰਗ ਸਿੰਘ ਰਾਜਾ ਰਾਜ ਸਿੰਘ, ਬਲਵਿੰਦਰ ਸਿੰਘ ਕਾਲਾ ਝਾੜ ਸਾਬ ਅਤੇ ਪਾਲ ਸਿੰਘ ਘੜੂਆਂ ਸ਼ਾਮਿਲ ਹੋਏ।
Advertisement
×

