Punjab News: ਸਾਬਕਾ ਵਿਧਾਇਕ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ
ਮਲੋਟ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਬਲਮਗੜ੍ਹ ਅਤੇ ਉਨ੍ਹਾਂ ਦੇ ਸਪੁੱਤਰ,ਮੁਕਤਸਰ ਤੋਂ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ, ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ। ਬਲਮਗੜ੍ਹ 1992 ਵਿੱਚ ਮਲੋਟ ਤੋਂ ਆਜ਼ਾਦ ਵਿਧਾਇਕ ਚੁਣੇ ਗਏ...
ਮਲੋਟ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਬਲਮਗੜ੍ਹ ਅਤੇ ਉਨ੍ਹਾਂ ਦੇ ਸਪੁੱਤਰ,ਮੁਕਤਸਰ ਤੋਂ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ, ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ।
ਬਲਮਗੜ੍ਹ 1992 ਵਿੱਚ ਮਲੋਟ ਤੋਂ ਆਜ਼ਾਦ ਵਿਧਾਇਕ ਚੁਣੇ ਗਏ ਸਨ। ਪਾਸ਼ਾ, ਜਿਨ੍ਹਾਂ ਨੇ ਲੰਬੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. (SC) ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਵੀ ਰਹੇ, ਨੇ ਕਿਹਾ ਕਿ ਇਹ ਫੈਸਲਾ ਪਾਰਟੀ ਦੀਆਂ ਨੀਤੀਆਂ ਤੋਂ ਅਸੰਤੁਸ਼ਟ ਹੋਣ ਕਾਰਨ ਲਿਆ ਗਿਆ ਹੈ।
ਪਾਸ਼ਾ ਨੇ 'ਟ੍ਰਿਬਿਊਨ ਸਮੂਹ' ਨੂੰ ਦੱਸਿਆ, “ਅਸੀਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਨਾਰਾਜ਼ ਸੀ। ਪਾਰਟੀ ਐੱਸ.ਸੀ. ਵਰਕਰਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਸੀ, ਇਸ ਲਈ ਅਸੀਂ ਪਾਰਟੀ ਛੱਡਣ ਦਾ ਫੈਸਲਾ ਕੀਤਾ। ਸਾਡਾ ਪਰਿਵਾਰ ਪਹਿਲਾਂ ਕਾਂਗਰਸ ਨਾਲ ਜੁੜਿਆ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਨਾਖੁਸ਼ ਸਨ।
ਉਨ੍ਹਾਂ ਦੱਸਿਆ ਕਿ ਦੋਵੇਂ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ, “ਪਾਰਟੀ ਨੇ ਮੈਨੂੰ ਮਲੋਟ ਵਿਧਾਨ ਸਭਾ ਹਲਕੇ ਵਿੱਚ ਸਰਗਰਮ ਰਹਿਣ ਲਈ ਕਿਹਾ ਹੈ, ਅਤੇ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਮੈਂ ਉਸ ਨੂੰ ਨਿਭਾਵਾਂਗਾ।”
ਗ਼ੌਰਤਲਬ ਹੈ ਕਿ ਮਲੋਟ ਇੱਕ ਰਾਖਵਾਂ ਹਲਕਾ ਹੈ ਅਤੇ ਵਰਤਮਾਨ ਵਿੱਚ ਵਿਧਾਨ ਸਭਾ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਇਸ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਦੌਰਾਨ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਮੁਕਤਸਰ ਦਾ ਇੱਕ ਪ੍ਰਮੁੱਖ ਸਿਆਸੀ ਪਰਿਵਾਰ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦਾ ਹੈ।

