Punjab News : ਕੰਡਿਆਲੀ ਤਾਰ ਤੋਂ ਪਾਰਲੀਆਂ ਜ਼ਮੀਨਾਂ ਦੇ ਮੁਆਵਜ਼ੇ 'ਚ ਦੇਰੀ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ
28 ਮਈ ਤੱਕ ਭੁਗਤਾਨ ਨਾ ਹੋਣ ’ਤੇ 29 ਮਈ ਨੂੰ ਵੱਡੇ ਧਰਨੇ ਦੀ ਚਿਤਾਵਨੀ
ਬਲਾਕ ਭਿੱਖੀਵਿੰਡ ਦੇ ਅਧੀਨ ਆਉਂਦੀ ਕੰਡਿਆਲੀ ਤਾਰ ਤੋਂ ਪਾਰ ਸਥਿਤ ਜ਼ਮੀਨਾਂ ਦੇ ਮੁਆਵਜ਼ੇ ਦੀ ਰਕਮ ਅਜੇ ਤੱਕ ਖਾਤਿਆਂ ਵਿੱਚ ਨਾ ਪੈਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਮਾਮਲੇ ਨੂੰ ਲੈ ਕੇ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਵੱਲੋਂ ਸਮੂਹ ਕਿਸਾਨਾਂ ਨੂੰ ਨਾਲ ਲੈ ਕੇ ਤਹਿਸੀਲ ਕੰਪਲੈਕਸ ਭਿੱਖੀਵਿੰਡ ਵਿਖੇ ਭਾਰੀ ਇਕੱਤਰਤਾ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੇ ਦੋਸ਼ ਲਗਾਇਆ ਕਿ ਨਾਇਬ ਤਹਿਸੀਲਦਾਰ ਭਿੱਖੀਵਿੰਡ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਨਾਰਾਜ਼ ਕਿਸਾਨਾਂ ਨੇ ਐੱਸ ਡੀ ਐੱਮ ਭਿੱਖੀਵਿੰਡ ਅਤੇ ਨਾਇਬ ਤਹਿਸੀਲਦਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੇ ਲਗਾਤਾਰ ਝੂਠੇ ਦਿਲਾਸੇ ਦਿੱਤੇ ਜਾ ਰਹੇ ਹਨ, ਜਦਕਿ ਮੁਆਵਜ਼ੇ ਦੀ ਰਕਮ ਜਾਰੀ ਕਰਨ ਲਈ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਸੂਬਾ ਵਾਈਸ ਪ੍ਰਧਾਨ ਸੁਰਜੀਤ ਸਿੰਘ ਭੂਰਾ ਅਤੇ ਵਾਈਸ ਪ੍ਰਧਾਨ ਅੰਗਰੇਜ਼ ਸਿੰਘ ਡੱਲ ਨੇ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੰਡਿਆਲੀ ਤਾਰ ਤੋਂ ਪਾਰਲੀਆਂ ਜ਼ਮੀਨਾਂ ਦਾ ਮੁਆਵਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਕਿਸਾਨਾਂ ਨੂੰ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।
ਉਨ੍ਹਾਂ ਕਿਹਾ ਕਿ ਅਦਾਲਤੀ ਹਦਾਇਤਾਂ ਤੋਂ ਬਾਅਦ ਸਰਕਾਰ ਵੱਲੋਂ ਮੁਆਵਜ਼ੇ ਦੀ ਰਕਮ ਜਾਰੀ ਕੀਤੀ ਗਈ ਹੈ ਅਤੇ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਨੌਂ ਪਿੰਡਾਂ ਨਾਰਲੀ, ਖਾਲੜਾ, ਥੇਹਕੱਲਾ, ਗਿੱਲਪਨ, ਕਲਸੀਆਂ ਖੁਰਦ, ਡੱਲ, ਵਾਂ ਤਾਰਾ ਸਿੰਘ, ਰਾਜੋਕੇ ਵਨ, ਰਾਜੋਕੇ ਟੂ ਅਤੇ ਠੱਠੀ ਜੈਮਲ ਸਿੰਘ ਦੇ ਕਿਸਾਨਾਂ ਨਾਲ ਸਬੰਧਿਤ ਰਕਮ ਨਾਇਬ ਤਹਿਸੀਲਦਾਰ ਭਿੱਖੀਵਿੰਡ ਕੋਲ ਪਹੁੰਚ ਚੁੱਕੀ ਹੈ।
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕਈ ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਾਲ 2015 ਤੋਂ ਮੁਆਵਜ਼ੇ ਦੀ ਬਾਕੀ ਰਹਿੰਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਰਹੀ ਹੈ, ਪਰ ਪ੍ਰਸ਼ਾਸਨ ਜਾਣ-ਬੁੱਝ ਕੇ ਇਸ ਮਾਮਲੇ ਨੂੰ ਲੰਮਾ ਖਿੱਚ ਰਿਹਾ ਹੈ। ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਹੁਣ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਹੋਰ ਜ਼ਿਆਦਾ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਪ੍ਰਸ਼ਾਸਨ ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ 28 ਮਈ ਤੱਕ ਸਾਰੇ ਕਿਸਾਨਾਂ ਦੇ ਮੁਆਵਜ਼ੇ ਦੇ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਨਾ ਪਾਏ ਗਏ, ਤਾਂ 29 ਮਈ ਨੂੰ ਤਹਿਸੀਲ ਕੰਪਲੈਕਸ ਭਿੱਖੀਵਿੰਡ ਵਿਖੇ ਬਹੁਤ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ ਜਾਵੇਗਾ।
ਦੂਜੇ ਪਾਸੇ, ਜਦੋਂ ਇਸ ਮਾਮਲੇ ਬਾਰੇ ਤਹਿਸੀਲਦਾਰ ਭਿੱਖੀਵਿੰਡ ਸੁਰਿੰਦਰ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਕੋਈ ਵੀ ਬਿਆਨ ਦੇਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਉਹ ਇਸ ਸਮੇਂ ਚੋਣਾਂ ਦੀ ਡਿਊਟੀ ਵਿੱਚ ਬਹੁਤ ਰੁੱਝੇ ਹੋਏ ਹਨ।

