Punjab News: ਫ਼ਸਲਾਂ ਦਾ ਨੁਕਸਾਨ ਝੱਲ ਰਹੇ ਕਿਸਾਨਾਂ ਲਈ ਮੁੜ ਇਮਤਿਹਾਨ ਦੀ ਘੜੀ, ਅਲਰਟ ਜਾਰੀ
ਲਗਾਤਾਰ ਪੱਛਮੀ ਗੜਬੜੀ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਿਸਾਨਾਂ ਦੇ ਖੇਤਾਂ ’ਤੇ ਮੁੜ ਕਾਲੇ ਬੱਦਲ ਮੰਡਰਾ ਰਹੇ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ 7-8 ਅਪਰੈਲ ਲਈ 'ਸੰਤਰੀ ਅਰਲਟ' ਜਾਰੀ ਕੀਤਾ ਹੈ, ਜਿਸ ਵਿੱਚ...
ਲਗਾਤਾਰ ਪੱਛਮੀ ਗੜਬੜੀ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਿਸਾਨਾਂ ਦੇ ਖੇਤਾਂ ’ਤੇ ਮੁੜ ਕਾਲੇ ਬੱਦਲ ਮੰਡਰਾ ਰਹੇ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ 7-8 ਅਪਰੈਲ ਲਈ 'ਸੰਤਰੀ ਅਰਲਟ' ਜਾਰੀ ਕੀਤਾ ਹੈ, ਜਿਸ ਵਿੱਚ ਮੀਂਹ, ਗਰਜ-ਚਮਕ, ਬਿਜਲੀ, ਗੜੇਮਾਰੀ ਅਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਤਾਜ਼ਾ ਗੜਬੜੀ 30-31 ਮਾਰਚ ਅਤੇ 3-4 ਅਪਰੈਲ ਦੀਆਂ ਦੋ ਪਿਛਲੀਆਂ ਪ੍ਰਣਾਲੀਆਂ ਤੋਂ ਬਾਅਦ ਆਈ ਹੈ, ਜਿਸ ਨੇ ਪੰਜਾਬ ਵਿੱਚ ਫ਼ਸਲਾਂ ਦਾ ਕਾਫ਼ੀ ਨੁਕਸਾਨ ਕੀਤਾ ਸੀ। ਖੇਤੀਬਾੜੀ ਵਿਭਾਗ ਦੇ ਸ਼ੁਰੂਆਤੀ ਅੰਦਾਜ਼ਿਆਂ ਅਨੁਸਾਰ ਮੁੱਖ ਤੌਰ 'ਤੇ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਲਗਪਗ 1.5 ਲੱਖ ਏਕੜ ਕਣਕ ਦੇ ਖੇਤ ਪ੍ਰਭਾਵਿਤ ਹੋਏ ਹਨ। ਫਾਜ਼ਿਲਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿੱਥੇ 39,747 ਏਕੜ ਦਾ ਨੁਕਸਾਨ ਹੋਇਆ, ਇਸ ਤੋਂ ਬਾਅਦ ਮੁਕਤਸਰ ਵਿੱਚ 35,220 ਏਕੜ ਦਾ ਨੁਕਸਾਨ ਹੋਇਆ।
ਜਦੋਂ ਕਿ 3-4 ਅਪਰੈਲ ਦੇ ਦੌਰ ਨੇ ਫਾਜ਼ਿਲਕਾ, ਬਠਿੰਡਾ, ਪਟਿਆਲਾ, ਮਾਨਸਾ, ਕਪੂਰਥਲਾ ਅਤੇ ਅੰਮ੍ਰਿਤਸਰ ਵਿੱਚ ਮੁਕਾਬਲਤਨ ਸੀਮਤ ਨੁਕਸਾਨ ਪਹੁੰਚਾਇਆ ਸੀ। ਹੁਣ ਜਾਰੀ ਨਵੀਂ ਚਿਤਾਵਨੀ ਨੇ ਪਹਿਲਾਂ ਹੀ ਘਾਟੇ ਨਾਲ ਜੂਝ ਰਹੇ ਕਿਸਾਨਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਨਵੀਂ ਗੜਬੜੀ ਖੜ੍ਹੀ ਕਣਕ ਦੀ ਫ਼ਸਲ ਨੂੰ ਹੋਰ ਪ੍ਰਭਾਵਿਤ ਕਰ ਸਕਦੀ ਹੈ, ਆਵਾਜਾਈ ਵਿੱਚ ਵਿਘਨ ਪਾ ਸਕਦੀ ਹੈ ਅਤੇ ਬਿਜਲੀ ਗੁੱਲ ਹੋ ਸਕਦੀ ਹੈ। ਵਿਭਾਗ ਵੱਲੋਂ ਗਰਜ-ਚਮਕ ਦੌਰਾਨ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ, ਜਦੋਂ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਲਈ ਸੁਰੱਖਿਆ ਉਪਾਅ ਕਰਨ ਦੀ ਅਪੀਲ ਕੀਤੀ ਗਈ ਹੈ।
ਅਪਰੈਲ ਵਿੱਚ ਆਮ ਤੌਰ ’ਤੇ ਗਰਮ ਮੌਸਮ ਦੀ ਸ਼ੁਰੂਆਤ ਹੁੰਦੀ ਹੈ, ਇਸ ਦੇ ਬਾਵਜੂਦ ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਦੌਰਾਨ ਲੂ (heatwave) ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ, ਅਤੇ ਜ਼ਿਆਦਾਤਰ ਠੰਢਾ ਅਤੇ ਨਮੀ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ।
ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (SKM) ਦੇ ਬੈਨਰ ਹੇਠ ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ ਅਤੇ ਮੀਂਹ ਤੇ ਗੜੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਲਈ 50,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖਰੀਦ ਅਤੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵੀ ਜ਼ੋਰ ਦਿੱਤਾ।
ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕਿਹਾ, “ਆਉਣ ਵਾਲੇ ਦਿਨ ਕਿਸਾਨਾਂ ਲਈ ਅਹਿਮ ਹੋਣ ਦੀ ਉਮੀਦ ਹੈ। ਪਿਛਲੇ ਸਾਲ ਦੇ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋਣ ਕਰਕੇ ਪਹਿਲਾਂ ਹੀ ਵੱਡੇ ਆਰਥਿਕ ਨੁਕਸਾਨ — ਜਿਸ ਵਿੱਚ ਕਈ ਕਰਜ਼ੇ ਦਾ ਸਾਹਮਣਾ ਕਰ ਰਹੇ ਹਨ — ਨਾਲ ਜੂਝ ਰਹੇ ਕਿਸਾਨਾਂ ਦੀ ਮਾਰਚ ਤੋਂ ਲਗਾਤਾਰ ਪੱਛਮੀ ਗੜਬੜੀਆਂ ਕਾਰਨ ਸੂਬੇ ਵਿੱਚ ਕਈ ਥਾਵਾਂ 'ਤੇ ਕਣਕ ਅਤੇ ਮੱਕੀ ਦੀ ਫ਼ਸਲ ਬਰਬਾਦ ਹੋ ਗਈ ਹੈ, ਜਿਸ ਨਾਲ ਕਣਕ ਦੀ ਬੰਪਰ ਪੈਦਾਵਾਰ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਦਖ਼ਲ ਦੇਵੇ ਅਤੇ ਇਸ ਸੰਕਟ ਨੂੰ ਘੱਟ ਕਰਨ ਲਈ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕਰੇ।”

