Punjab News: ਬੈਂਕ ਤੋਂ ਪਿੱਛਾ ਕਰਕੇ 70 ਸਾਲਾ ਕਿਸਾਨ ਨੂੰ ਬੇਹੋਸ਼ ਕਰ 2.95 ਲੱਖ ਰੁਪਏ ਲੁੱਟੇ
ਪੁਲੀਸ ਨੇ ਮਾਮਲਾ ਕੀਤਾ ਦਰਜ; ਮੁਲਜ਼ਮਾਂ ਦੀ ਭਾਲ ਸ਼ੁਰੂ
ਇੱਥੇ 70 ਸਾਲਾ ਕਿਸਾਨ ਦਾ ਬੈਂਕ ਤੋਂ ਪਿੱਛਾ ਕਰਕੇ ਉਸ ਨੂੰ ਕਥਿਤ ਤੌਰ ਉੱਤੇ ਨਸ਼ੀਲਾ ਪਦਾਰਥ ਸੁੰਘਾ ਕੇ 2.95 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਭਾ ਪੁਲੀਸ ਨੇ ਇਸ ਸਬੰਧੀ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੀੜਤ ਅਮਰ ਸਿੰਘ (70) ਨੇ ਦੱਸਿਆ ਕਿ ਉਹ ਦੋ ਦਿਨ ਤੱਕ ਬੇਹੋਸ਼ ਰਹੇ ਅਤੇ ਹੋਸ਼ ਆਉਣ ਤੋਂ ਬਾਅਦ ਚੌਥੇ ਦਿਨ ਹਸਪਤਾਲ ਤੋਂ ਛੁੱਟੀ ਮਿਲੀ।
ਪੀੜਤ ਨੇ ਦੱਸਿਆ ਕਿ ਉਸ ਨੇ ਸਥਾਨਕ ਕੈਨਰਾ ਬੈਂਕ ਦੀ ਸ਼ਾਖਾ ਤੋਂ ਇਮਾਰਤੀ ਸਮਾਨ ਦੀ ਅਦਾਇਗੀ ਅਤੇ ਖੇਤੀਬਾੜੀ ਜ਼ਮੀਨ ਦੇ ਠੇਕੇ ਦੀ ਰਕਮ ਦੇਣ ਲਈ 2.95 ਲੱਖ ਰੁਪਏ ਕਢਵਾਏ ਸਨ। ਪੁਲੀਸ ਮੁਤਾਬਕ ਸੀ ਸੀ ਟੀ ਵੀ ਫੁਟੇਜ ਵਿੱਚ ਦੋਵੇਂ ਸ਼ੱਕੀ, ਜਿਨ੍ਹਾਂ ਦੀ ਉਮਰ ਕਰੀਬ 26 ਤੋਂ 27 ਸਾਲ ਦੱਸੀ ਜਾ ਰਹੀ ਹੈ, ਚੈੱਕ ਭੁਣਾਉਂਦੇ ਸਮੇਂ ਅਮਰ ਸਿੰਘ 'ਤੇ ਨਜ਼ਰ ਰੱਖਦੇ ਦਿਖਾਈ ਦਿੱਤੇ।
ਜਦੋਂ ਅਮਰ ਸਿੰਘ ਨੇ ਨਕਦੀ ਆਪਣੇ ਸਕੂਟਰ ਦੀ ਡਿੱਗੀ ਵਿੱਚ ਰੱਖੀ ਤਾਂ ਬੈਂਕ ਤੋਂ ਬਾਹਰ ਦੋਵਾਂ ਨੌਜਵਾਨਾਂ ਨੇ ਉਨ੍ਹਾਂ ਕੋਲੋਂ ਪਟਿਆਲਾ ਗੇਟ ਵੱਲ ਜਾਣ ਲਈ ਲਿਫ਼ਟ ਮੰਗੀ।
ਦੋਸ਼ ਹੈ ਕਿ ਰਸਤੇ ਵਿੱਚ ਮੁਲਜ਼ਮਾਂ ਨੇ ਉਸ ਨੂੰ ਕਥਿਤ ਤੌਰ ਉੱਤੇ ਨਸ਼ੀਲੇ ਪਦਾਰਥ ਦੇ ਪ੍ਰਭਾਵ ਹੇਠ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਨੌਜਵਾਨ ਰਸਤੇ ਵਿੱਚ ਉਤਰ ਗਏ ਅਤੇ ਥੋੜ੍ਹਾ ਅੱਗੇ ਜਾ ਕੇ ਅਮਰ ਸਿੰਘ ਸੜਕ ਕਿਨਾਰੇ ਡਿੱਗ ਪਏ, ਜਿੱਥੋਂ ਮੁਲਜ਼ਮ ਸਕੂਟਰ ਲੈ ਕੇ ਚਲੇ ਗਏ। ਸੀ ਸੀ ਟੀ ਵੀ ਫੁਟੇਜ ਵਿੱਚ ਦੋਵੇਂ ਮੁਲਜ਼ਮ ਸਕੂਟਰ ਨੂੰ ਇੱਕ ਸੁੰਨਸਾਨ ਗਲੀ ਵਿੱਚ ਛੱਡਦੇ, ਉਸ ਦੀ ਡਿੱਗੀ ਤੋੜ ਕੇ ਨਕਦੀ ਵਾਲਾ ਬੈਗ ਕੱਢਦੇ ਅਤੇ ਮੌਕੇ ਤੋਂ ਫ਼ਰਾਰ ਹੁੰਦੇ ਦਿਖਾਈ ਦਿੱਤੇ। ਪੁਲੀਸ ਨੇ ਬਾਅਦ ਵਿੱਚ ਸਕੂਟਰ ਬਰਾਮਦ ਕਰ ਲਿਆ।
ਰਾਹਗੀਰਾਂ ਨੇ ਪੀੜਤ ਦੇ ਮੋਬਾਈਲ ਫ਼ੋਨ ਰਾਹੀਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਅਮਰ ਸਿੰਘ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ, ਫਿਰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਬਾਅਦ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਥਾਣਾ ਕੋਤਵਾਲੀ ਨਾਭਾ ਦੇ ਐੱਸ ਐੱਚ ਓ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਦੀਆਂ ਕਈ ਟੀਮਾਂ ਫ਼ਰਾਰ ਹੋਣ ਵਾਲੇ ਰੂਟ ਦੀਆਂ ਸੀ ਸੀ ਟੀ ਵੀ ਫੁਟੇਜਾਂ ਦੀ ਜਾਂਚ ਕਰ ਰਹੀਆਂ ਹਨ ਅਤੇ ਮੁਲਜ਼ਮਾਂ ਦੀ ਪਛਾਣ ਸਬੰਧੀ ਅਹਿਮ ਸੁਰਾਗ ਹੱਥ ਲੱਗੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

