‘ਪੰਜਾਬ ਨੂੰ ਦਬਾਅ ਦੀ ਨਹੀਂ, ਸੱਚਾਈ ਨਾਲ ਆਪਣੇ ਅਤੀਤ ਦਾ ਸਾਹਮਣਾ ਕਰਨ ਦੀ ਲੋੜ’: ਸੁਖਬੀਰ ਬਾਦਲ
OTT ਤੋਂ ਫ਼ਿਲਮ ਹਟਾਉਣ ਨੂੰ ਦੱਸਿਆ ਸਾਡੀ ਸਾਂਝੀ ਯਾਦਦਾਸ਼ਤ ਅਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ
ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿਲਜੀਤ ਦੋਸਾਂਝ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫਾਰਮ ਤੋਂ ਹਟਾਏ ਜਾਣ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਸੱਚਾਈ ਨੂੰ ਇਮਾਨਦਾਰੀ ਨਾਲ ਸਾਹਮਣੇ ਲਿਆਉਣ ਦਾ ਹੱਕਦਾਰ ਹੈ, ਨਾ ਕਿ ਇਸ ਨੂੰ ਦਬਾਉਣ ਦਾ। ਅਸਲ ਵਿੱਚ ‘ਪੰਜਾਬ 95’ (Punjab 95) ਨਾਮ ਹੇਠ ਬਣੀ ਇਹ ਫ਼ਿਲਮ ਪਿਛਲੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਜ਼ੀ5 (ZEE5) ਸਟ੍ਰੀਮਿੰਗ ਸਰਵਿਸ ’ਤੇ ਰਿਲੀਜ਼ ਕੀਤੀ ਗਈ ਸੀ, ਪਰ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਹ ਇਸ ਪਲੇਟਫਾਰਮ ਤੋਂ ਅਚਾਨਕ ਗਾਇਬ ਹੋ ਗਈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਵਿੱਚ ਜੀ5 ਤੋਂ ‘ਸਤਲੁਜ’ ਨੂੰ ਇਸ ਤਰ੍ਹਾਂ ਮਨਮਰਜ਼ੀ ਨਾਲ ਹਟਾਏ ਜਾਣ ਦੇ ਫ਼ੈਸਲੇ ਨਾਲ ਉਨ੍ਹਾਂ ਨੂੰ ਡੂੰਘਾ ਸਦਮਾ ਅਤੇ ਦੁੱਖ ਪਹੁੰਚਿਆ ਹੈ।
ਪ੍ਰਗਟਾਵੇ ਦੀ ਆਜ਼ਾਦੀ ’ਤੇ ਵੱਡਾ ਹਮਲਾ
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਇੱਕ ਪੋਸਟ ਸਾਂਝੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਲਿਖਿਆ, “ਇਹ ਸਿਰਫ਼ ਸੈਂਸਰਸ਼ਿਪ ਨਹੀਂ ਹੈ, ਬਲਕਿ ਇਹ ਸਾਡੀ ਸਾਂਝੀ ਯਾਦਦਾਸ਼ਤ, ਸੱਚ ਅਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਇੱਕ ਵੱਡਾ ਹਮਲਾ ਹੈ। ਮੈਂ ਇਸ ਕਦਮ ਦੀ ਸਖ਼ਤ ਨਿਖੇਧੀ ਕਰਦਾ ਹਾਂ। ਪੰਜਾਬ ਆਪਣੇ ਅਤੀਤ ਦਾ ਸਾਹਮਣਾ ਇਮਾਨਦਾਰੀ ਨਾਲ ਕਰਨ ਦਾ ਹੱਕਦਾਰ ਹੈ, ਨਾ ਕਿ ਦਬਾਅ ਹੇਠ।” ਉਨ੍ਹਾਂ ਅੱਗੇ ਕਿਹਾ ਕਿ ਇੱਕ ਅਜਿਹੀ ਦਮਦਾਰ ਫ਼ਿਲਮ ਜੋ ਪੰਜਾਬ ਦੇ ਦਰਦਨਾਕ ਇਤਿਹਾਸ ਨੂੰ ਦਲੇਰੀ ਨਾਲ ਉਜਾਗਰ ਕਰਦੀ ਹੈ ਅਤੇ ਸਵਰਗੀ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦੀ ਮਹਾਨ ਕੁਰਬਾਨੀ ਨੂੰ ਸਨਮਾਨਿਤ ਕਰਦੀ ਹੈ, ਉਸ ਨੂੰ ਇਸ ਤਰੀਕੇ ਨਾਲ ਚੁੱਪ ਨਹੀਂ ਕਰਵਾਇਆ ਜਾ ਸਕਦਾ।
ਕੌਣ ਸਨ ਜਸਵੰਤ ਸਿੰਘ ਖਾਲੜਾ?
ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ। ਸ੍ਰੀ ਖਾਲੜਾ ਨੇ ਸਾਲ 1984 ਤੋਂ 1994 ਦੇ 10 ਸਾਲਾਂ ਦੇ ਦੌਰਾਨ ਪੰਜਾਬ ਵਿੱਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਹੋਏ ਕਥਿਤ ਸਸਕਾਰ ਦੇ ਮਾਮਲਿਆਂ ਦੀ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਸਾਲ 1995 ਵਿੱਚ ਉਹ ਖ਼ੁਦ ਰਹੱਸਮਈ ਹਾਲਾਤ ਵਿੱਚ ਲਾਪਤਾ ਹੋ ਗਏ ਸਨ। ਸਾਲ 2005 ਵਿੱਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਅਗਵਾ ਅਤੇ ਕਤਲ ਦੇ ਦੋਸ਼ ਹੇਠ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਬਾਅਦ ਵਿੱਚ 2007 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਧਾ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ।
ਇੰਟਰਨੈਸ਼ਨਲ ਫੈਸਟੀਵਲ ਤੋਂ ਲੈ ਕੇ ਸੈਂਸਰ ਬੋਰਡ ਤੱਕ ਦਾ ਵਿਵਾਦ
ਸਾਲ 2023 ਵਿੱਚ, ਇਸ ਫ਼ਿਲਮ ਦਾ ਪ੍ਰੀਮੀਅਰ ‘ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ (TIFF) ਵਿੱਚ ਹੋਣਾ ਤੈਅ ਹੋਇਆ ਸੀ, ਪਰ ਪ੍ਰਬੰਧਕਾਂ ਵੱਲੋਂ ਬਿਨਾਂ ਕੋਈ ਅਧਿਕਾਰਤ ਬਿਆਨ ਦਿੱਤੇ ਇਸ ਨੂੰ ਲਾਈਨ-ਅੱਪ ਵਿੱਚੋਂ ਹਟਾ ਦਿੱਤਾ ਗਿਆ। ਫ਼ਿਲਮ ਦਾ ਕੇਂਦਰੀ ਸੈਂਸਰ ਬੋਰਡ (CBFC) ਨਾਲ ਵੀ ਲੰਮਾ ਵਿਵਾਦ ਰਿਹਾ, ਜਿਸ ਨੇ ਫ਼ਿਲਮ ’ਤੇ ਇਤਿਹਾਸਕ 127 ਕੱਟ ਲਗਾਉਣ ਦੀ ਮੰਗ ਕੀਤੀ ਸੀ। ਇਸੇ ਕਾਰਨ ਫ਼ਿਲਮ ਦੀ ਰਿਲੀਜ਼ ਵਾਰ-ਵਾਰ ਟਾਲਣੀ ਪਈ।
ਫ਼ਿਲਮ ਨੂੰ ‘ਪੰਜਾਬ 95’ ਦੇ ਨਾਮ ਹੇਠ 7 ਫ਼ਰਵਰੀ 2025 ਨੂੰ ਭਾਰਤ ਨੂੰ ਛੱਡ ਕੇ ਬਾਕੀ ਪੂਰੀ ਦੁਨੀਆ ਵਿੱਚ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤਾ ਜਾਣਾ ਸੀ, ਪਰ ਉਹ ਰਿਲੀਜ਼ ਵੀ ਸੰਭਵ ਨਹੀਂ ਹੋ ਸਕੀ ਸੀ। ਹਨੀ ਤਰੇਹਨ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਆਖਰਕਾਰ ਪਿਛਲੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਸਿੱਧੀ ਓ.ਟੀ.ਟੀ. ’ਤੇ ਰਿਲੀਜ਼ ਹੋਈ ਸੀ, ਜਿਸ ਨੂੰ ਹੁਣ ਕੌਮੀਂ ਸੁਰੱਖਿਆ ਅਤੇ ਭਾਰਤ ਵਿਰੋਧੀ ਤਾਕਤਾਂ ਵੱਲੋਂ ਗ਼ਲਤ ਇਸਤੇਮਾਲ ਕੀਤੇ ਜਾਣ' ਦੇ ਖ਼ਦਸ਼ਿਆਂ ਦੇ ਹਵਾਲੇ ਨਾਲ ਐਤਵਾਰ ਸ਼ਾਮ ਨੂੰ ਭਾਰਤ ਵਿੱਚ ਅਗਲੀ ਸੂਚਨਾ ਤੱਕ ਬੈਨ/ਹਟਾ ਦਿੱਤਾ ਗਿਆ ਹੈ।

